ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਅਮਰੀਕਾ-ਈਰਾਨ ਸ਼ਾਂਤੀ ਸਮਝੌਤਾ 24 ਘੰਟਿਆਂ ਦੇ ਅੰਦਰ ਹੋਣ ਦੀ ਉਮੀਦ ਹੈ। ਸ਼ਰੀਫ਼ ਨੇ ਪੁਸ਼ਟੀ ਕੀਤੀ ਕਿ ਅੰਤਮ ਖਰੜਾ ਤਿਆਰ ਹੈ ਤੇ ਪਾਕਿਸਤਾਨ ਤਕਨੀਕੀ ਪੱਧਰ ਦੀ ਗੱਲਬਾਤ ਤੋਂ ਬਾਅਦ ਤੁਰੰਤ ਇਲੈਕਟਰਾਨਿਕ ਦਸਤਖਤਾਂ ਲਈ ਤਿਆਰੀ ਕਰ ਰਿਹਾ ਹੈ। ਉਨ੍ਹਾ ਦਾਅਵਾ ਕੀਤਾ ਹੈ ਕਿ ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਵਿੱਚ ਹਾਰਮੁਜ਼ ਜਲਡਮਰੂ ਵਿੱਚ ਨਵੀਂਆਂ ਝੜਪਾਂ ਦੇ ਬਾਵਜੂਦ ਇੱਕ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸਮਝੌਤਾ ਆਪਣੇ ਆਖਰੀ ਪੜਾਅ ‘ਤੇ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸ਼ੁੱਕਰਵਾਰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ, ‘ਇਸਲਾਮਾਬਾਦ ਸਮਝੌਤਾ ਕਦੇ ਵੀ ਏਨਾ ਨੇੜੇ ਨਹੀਂ ਰਿਹਾ, ਜਿੰਨਾ ਹੁਣ ਹੈ।’ ਜਿਵੇਂ ਕਿ ਵਾਸ਼ਿੰਗਟਨ ਤੇ ਤਹਿਰਾਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਇੱਕ ਸੰਭਾਵੀ ਸਮਝੌਤੇ ਦੇ ਨੇੜੇ ਪਹੁੰਚ ਰਹੇ ਹਨ, ਈਰਾਨ ਨੇ ਆਪਣੇ ਬਹੁਤ ਜ਼ਿਆਦਾ ਜਰਖੇਜ਼ ਯੂਰੇਨੀਅਮ ਦੇ ਭੰਡਾਰ ਦੇ ਆਲੇ-ਦੁਆਲੇ ਸੁਰੱਖਿਆ ਨੂੰ ਮਜ਼ਬੂਤ ਕਰ ਦਿੱਤਾ ਹੈ, ਤਾਂ ਜੋ ਕਿਸੇ ਅਚਨਚੇਤ ਕਾਰਵਾਈ ਤੋਂ ਇਸ ਨੂੰ ਬਚਾਇਆ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਯੂਰੇਨੀਅਮ ਭੰਡਾਰਾਂ ਨੂੰ ਜ਼ਬਤ ਕਰਨ ਲਈ ਅਮਰੀਕੀ ਫੌਜ ਨੂੰ ਆਦੇਸ਼ ਦੇਣ ਦੀ ਸੰਭਾਵਨਾ ਦੇ ਮੱਦੇਨਜ਼ਰ ਈਰਾਨ ਨੇ ਇਹ ਕਦਮ ਚੁੱਕਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਰਾਨ ਨੇ ਯੂਰੇਨੀਅਮ ਤੱਕ ਪਹੁੰਚਣਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ, ਜੋ ਭੂਮੀਗਤ ਤੌਰ ‘ਤੇ ਸਟੋਰ ਕੀਤਾ ਗਿਆ ਮੰਨਿਆ ਜਾਂਦਾ ਹੈ। ਇਹ ਸਮਗਰੀ ਮੁੱਖ ਤੌਰ ‘ਤੇ ਮੱਧ ਈਰਾਨ ਵਿੱਚ ਇਸਫਾਹਾਨ ਪ੍ਰਮਾਣੂ ਕੰਪਲੈਕਸ ਵਿੱਚ ਢਹਿ-ਢੇਰੀ ਹੋਈਆਂ ਸੁਰੰਗਾਂ ਵਿੱਚ ਹੈ ਤੇ ਬਹੁਤ ਹੀ ਘੱਟ ਮਾਤਰਾ ਹੋਰ ਸਥਾਨਾਂ ‘ਤੇ ਭੰਡਾਰ ਕੀਤੀ ਗਈ ਹੈ। ਇਸ ਦੌਰਾਨ ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਐਤਵਾਰ ਸ਼ਾਂਤੀ ਸਮਝੌਤੇ ਉਪਰ ਦਸਤਖਤ ਨਹੀਂ ਹੋਣਗੇ।





