ਜੋਰਹਾਟ : ਸਨਿੱਚਰਵਾਰ ਅਸਾਮ ਦੇ ਜੋਰਹਾਟ ਜ਼ਿਲ੍ਹੇ ਵਿੱਚ ਏਅਰ ਫੋਰਸ ਸਟੇਸ਼ਨ ‘ਤੇ ਲੈਂਡਿੰਗ ਕਰਦੇ ਸਮੇਂ ਇੱਕ ਏ ਐੱਨ ਸੀ ਬੀ ਟਰਾਂਸਪੋਰਟ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪੰਜ ਭਾਰਤੀ ਹਵਾਈ ਸੈਨਾ ਦੇ ਜਵਾਨ ਸ਼ਹੀਦ ਹੋ ਗਏ। ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦਾ ਸਹਿ-ਪਾਇਲਟ ਬਚ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਜਹਾਜ਼ ਨੇ ਛੇ ਵਿਅਕਤੀਆਂ, ਜਿਨ੍ਹਾਂ ਵਿੱਚ ਪਾਇਲਟ ਵੀ ਸ਼ਾਮਲ ਸਨ, ਦੇ ਨਾਲ ਜੋਰਹਾਟ ਸਥਿਤ ਹਵਾਈ ਸੈਨਾ ਦੇ ਬੇਸ ਤੋਂ ਉਡਾਣ ਭਰੀ ਸੀ। ਸੂਤਰਾਂ ਅਨੁਸਾਰ ਪਾਇਲਟ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ ਅਤੇ ਏਅਰਬੇਸ ‘ਤੇ ਵਾਪਸ ਆਉਣ ਦਾ ਫੈਸਲਾ ਕੀਤਾ। ਹਾਲਾਂਕਿ ਲੈਂਡ ਕਰਨ ਦੀ ਕੋਸ਼ਿਸ਼ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਲੈਂਡਿੰਗ ਤੋਂ ਬਾਅਦ ਅੱਗ ਲੱਗ ਗਈ, ਜਿਸ ਦੇ ਨਤੀਜੇ ਵਜੋਂ ਪੰਜ ਜਵਾਨਾਂ ਦੀ ਮੌਤ ਹੋ ਗਈ। ਜਾਨਾਂ ਗਵਾਉਣ ਵਾਲਿਆਂ ਵਿਚ 2 ਅਗਨੀਵੀਰ ਵੀ ਸ਼ਾਮਿਲ ਹਨ। ਸ਼ਹੀਦ ਹੋਣ ਵਾਲੇ ਹਵਾਈ ਫੌਜ ਦੇ ਜਾਂਬਾਜ਼ਾਂ ਵਿੱਚ ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਸ਼ਾਮਲ ਹਨ।





