ਜੈਪੁਰ (ਨ ਜ਼ ਸ)-ਭਾਜਪਾ ਦੇ ਰਾਜ ਵਾਲੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੋਮਵਾਰ ਪ੍ਰਦਰਸ਼ਨ ਦੌਰਾਨ ਕੁਝ ਨੌਜਵਾਨਾਂ ਨੇ ਅਚਾਨਕ ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ‘ਤੇ ਹਮਲਾ ਕਰ ਦਿੱਤਾ ਅਤੇ ਥੱਪੜ ਜੜ ਦਿੱਤੇ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪਾਰਟੀ ਦੇ ਸਮਥਰਕਾਂ ਨੇ ਹਮਲਾ ਕਰਨ ਵਾਲਿਆਂ ਦੀ ਭੁਗਤ ਸੁਆਰੀ।
ਪ੍ਰਦਰਸ਼ਨ ਵਿੱਚ ਵੱਖ-ਵੱਖ ਸੰਗਠਨਾਂ ਦੇ ਨਾਲ-ਨਾਲ ਕਾਕਰੋਚ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀ ਸਿੱਖਿਆ ਮੰਤਰੀ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਸੀ। ਇਸੇ ਦੌਰਾਨ ਕੁਝ ਅਣਪਛਾਤੇ ਨੌਜਵਾਨ ਭੀੜ ਵਿੱਚੋਂ ਨਿਕਲੇ ਅਤੇ ਦੀਪਕੇ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਹਮਲੇ ਨੂੰ ਦੇਖ ਕੇ ਕਾਕਰੋਚ ਜਨਤਾ ਪਾਰਟੀ ਦੇ ਸਮਰਥਕ ਅਤੇ ਹੋਰ ਵਰਕਰ ਭੜਕ ਗਏ। ਉਨ੍ਹਾਂ ਬਿਨਾਂ ਦੇਰੀ ਕੀਤੇ ਹਮਲਾਵਰ ਨੌਜਵਾਨਾਂ ਨੂੰ ਘੇਰ ਲਿਆ ਅਤੇ ਖਾਸੀ ਭੁਗਤ ਸੁਆਰੀ। ਕਾਫੀ ਦੇਰ ਤੱਕ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ ਅਤੇ ਪੁਲਸ ਨੂੰ ਸਥਿਤੀ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੂਰੀ ਘਟਨਾ ਦੀਆਂ ਵੀਡੀਓਜ਼ ਹੁਣ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਹਮਲਾ ਹੋਇਆ, ਉੱਥੇ ਮੌਜੂਦ ਸਮਰਥਕਾਂ ਅਤੇ ਹੋਰ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਵੀਡੀਓ ਵਿੱਚ ਲੋਕਾਂ ਦਾ ਗੁੱਸਾ ਅਤੇ ਉਸ ਤੋਂ ਬਾਅਦ ਹੋਈ ਹੱਥੋਪਾਈ ਨਜ਼ਰ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ।
ਇਹ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਦੀਪਕੇ ਭਾਸ਼ਣ ਦੇਣ ਲਈ ਅੱਗੇ ਵਧ ਰਹੇ ਸਨ।




