ਭੁਪਿੰਦਰ ਕੁਮਾਰ ਭਿੰਦਾ ਦੀ ਮੌਤ ਨੇ ਪੰਜਾਬੀਆਂ ਦੀ ਗੈਰਤ ਨੂੰ ਵੰਗਾਰਿਆ : ਅਰਸ਼ੀ

0
5

ਬੋਹਾ (ਨਿਰੰਜਣ ਬੋਹਾ)
ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਤਰਸੇਮ ਰਾਜ ਸੈਕਟਰੀ ਦੇ ਪਿਛਲੇ ਤਿੰਨ ਦਿਨ ਤੋਂ ਲਾਪਤਾ ਪੁੱਤਰ ਭੁਪਿੰਦਰ ਕੁਮਾਰ ਉਰਫ ਭਿੰਦਾ (ਹੈੱਲਥ ਸੁਪਰਵਾਈਜ਼ਰ ) ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ‘ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਪੁਲਸ ਕਾਰਵਾਈ ਕਰਾਉਣ ਲਈ ਬੋਹਾ ਖੇਤਰ ਦੇ ਹਜ਼ਾਰਾਂ ਲੋਕਾਂ ਨੇ ਬੋਹਾ–ਬੁਢਲਾਡਾ ਸੜਕ ‘ਤੇ ਜਾਮ ਲਾ ਕੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸ਼ਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਭਿੰਦਾ ਕਾਮਰੇਡ ਤਰਸੇਮ ਰਾਜ ਦਾ ਪੁੱਤਰ ਸੀ, ਪਰ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਤੋਂ ਬਾਅਦ ਉਹ ਸਾਰੇ ਇਲਾਕੇ ਦੇ ਬਜ਼ੁਰਗ ਲੋਕਾਂ ਦਾ ਪੁੱਤਰ ਬਣ ਗਿਆ ਹੈ। ਉਹਨਾ ਕਿਹਾ ਭੁਪਿੰਦਰ ਦੀ ਮੌਤ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜਿਆ ਹੈ ਕਿ ਜੇ ਪੰਜਾਬ ਵਿਚ ਨੌਜਵਾਨ ਇਸੇ ਰਫਤਾਰ ਨਾਲ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਰਹੇ ਤਾਂ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਭਿੰਦਾ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਲੋਕਾਂ ਪਿੱਛੇ ਰਾਜਸੀ ਲੋਕਾਂ ਦਾ ਹੱਥ ਹੋਣ ਦੀ ਵੀ ਚਰਚਾ ਹੈ, ਇਸ ਲਈ ਇਸ ਕੇਸ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।ਧਰਨੇ ਨੂੰ ਹੋਰਨਾ ਤੋਂ ਇਲਾਵਾ ਸਿਵਲ ਸਰਜਨ ਵਿਸ਼ਵਜੀਤ ਸਿੰਘ, ਆਰ ਟੀ ਆਈ ਕਾਰਕੁਨ ਮਾਨਕ ਗੋਇਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ. ਨਿਸ਼ਾਨ ਸਿੰਘ, ਬਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਜੋਗਾ ਹਲਕਾ ਇੰਚਾਰਜ, ਰਣਵੀਰ ਕੌਰ ਮੀਆਂ, ਬਲਕੌਰ ਸਿੰਘ ਮੂਸੇਵਾਲਾ, ਹਰਪ੍ਰੀਤ ਸਿੰਘ ਪਿਆਰੀ, ਸੱਤਪਾਲ ਸਿੰਘ ਮੂਲੇਵਾਲਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ, ਲਛਮਣ ਸਿੰਘ ਚੱਕ ਅਲੀਸ਼ੇਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ, ਮਾਸਟਰ ਗੁਰਲਾਲ ਸਿੰਘ, ਬਲਵਿੰਦਰ ਸਿੰਘ ਪਟਵਾਰੀ, ਅਮਰਿੰਦਰ ਸਿੰਘ ਕਾਕਾ, ਵਪਾਰ ਮੰਡਲ ਬੋਹਾ ਤੇ ਆਗੂ ਗਿਆਨ ਚੰਦ ਸਿੰਗਲਾ, ਨਿਖਲ ਗੋਇਲ, ਮਜਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਜੀਤ ਸਿੰਘ ਬੋਹਾ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਬੋਹਾ, ਨਗਰ ਸੁਧਾਰ ਸਭਾ ਬੁਢਲਾਡਾ ਦੇ ਪ੍ਰਧਾਨ ਸਵਰਨ ਸਿੰਘ ਦਲਿਓ ਤੇ ਸੁਰਿੰਦਰ ਮੰਗਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀ ਐੱਸ ਪੀ ਸਿੰਕਦਰ ਸਿੰਘ ਚੀਮਾ ਵੱਲੋਂ ਇਹ ਵਿਸ਼ਵਾਸ ਦਿਵਾਏ ਜਾਣ ‘ਤੇ ਧਰਨਾ ਚੁੱਕ ਦਿੱਤਾ ਗਿਆ ਕਿ ਮ੍ਰਿਤਕ ਭੁਪਿੰਦਰ ਕੁਮਾਰ ਵੱਲੋਂ ਆਤਮ-ਹੱਤਿਆ ਸੰਬੰਧੀ ਲਿਖੇ ਨੋਟ ਅਨੁਸਾਰ ਇਸ ਕੇਸ ਦੀ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।