ਮਾਨਸਾ (ਆਤਮਾ ਸਿੰਘ ਪਮਾਰ)
ਨਗਰ ਕੌਂਸਲ ਦੀਆਂ ਚੋਣਾਂ ਦੇ ਦਿਨ ਵੋਟਿੰਗ ਦੌਰਾਨ ਵਾਰਡ ਨੰਬਰ 18 ਤੋਂ ਇਕ ਵਿਅਕਤੀ ਤੋਂ ਪਿਸਤੌਲ ਫੜੇ ਜਾਣ ਦੇ ਬਾਅਦ ਥਾਣਾ ਸਿਟੀ-1 ਮਾਨਸਾ ਦੀ ਪੁਲਸ ਨੇ ਕੌਂਸਲਰ ਅਰਪਿਤ ਚੌਧਰੀ ਨੂੰ ਨਾਮਜ਼ਦ ਕੀਤਾ ਹੈ।ਪੁਲਸ ਨੇ ਪਹਿਲਾਂ ਇਸ ਮਾਮਲੇ ਵਿੱਚ ਅਰਪਿਤ ਚੌਧਰੀ ਦੇ ਜੀਜਾ ਤੇ ਪਟਿਆਲਾ ਦੇ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ।ਅਰਪਿਤ ਚੌਧਰੀ ਦਾ ਨਾਂਅ ਇਸ ‘ਚ ਜੋੜਣ ਤੇ ਰਾਜਨੀਤਕ ਪਾਰਟੀਆਂ ਵਿਰੋਧ ‘ਚ ਉੱਤਰ ਆਈਆਂ ਹਨ।ਉਨ੍ਹਾ ਮਾਨਸਾ ਦੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੂੰ ਮੰਗ ਪੱਤਰ ਦੇ ਕੇ ਇਸ ਦੀ ਨਿਰਪੱਖ ਜਾਂਚ ਕਰਵਾਉਣ ਤੇ ਅਰਪਿਤ ਚੌਧਰੀ ਦਾ ਨਾਂਅ ਇਸ ਪਰਚੇ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਲੰਘੀ 26 ਮਈ ਨੂੰ ਨਗਰ ਕੌਂਸਲ ਦੀ ਚੋਣ ਦੌਰਾਨ ਵਾਰਡ ਨੰਬਰ 18 ਤੋਂ ਇੱਕ ਵਿਅਕਤੀ ਤੋਂ ਪੁਲਸ ਨੇ ਇਂੱਕ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ ਕੀਤਾ ਸੀ।ਉਹ ਵਿਅਕਤੀ ਮੌਕੇ ‘ਤੇ ਕੋਈ ਲਾਇਸੈਂਸ ਆਦਿ ਨਹੀਂ ਦਿਖਾ ਸਕਿਆ ਸੀ।ਪੁਲਸ ਨੇ ਭਗਤ ਕਰਨ ਭੱਟੀ ਤੇ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ।ਕੌਂਸਲਰ ਅਰਪਿਤ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾ ਦੇ ਜੀਜਾ ਰੋਹਿਨ ਗਰਗ ਪਟਿਆਲਾ ਤੋਂ ਉਨ੍ਹਾ ਨੂੰ ਮਿਲਣ ਆਏ ਸਨ, ਇਹ ਵਿਅਕਤੀ ਉਨ੍ਹਾਂ ਨਾਲ ਹੀ ਸੀ। ਬਾਅਦ ‘ਚ ਪੁਲਸ ਨੇ ਉਨ੍ਹਾਂ ਦੇ ਜੀਜਾ ਰੋਹਿਨ ਗਰਗ ਤੇ ਹੁਣ ਖ਼ੁਦ ਉਨ੍ਹਾ ਨੂੰ ਇਸ ਅਸਲਾ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਉਨ੍ਹਾ ਕਿਹਾ ਕਿ ਇਹ ਪੂਰੀ ਤਰ੍ਹਾਂ ਧੱਕੇਸ਼ਾਹੀ ਹੈ। ਉਨ੍ਹਾ ਨਗਗ ਕੌਂਸਲ ਮਾਨਸਾ ਦਾ ਪ੍ਰਧਾਨ ਬਣਨ ਲਈ ਕੋਰਮ ਪੂਰਾ ਕਰਨ ਤੋਂ ਇਲਾਵਾ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਸਮਰਥਨ ਵੀ ਹਾਸਲ ਕਰ ਲਿਆ ਸੀ। ਉਨ੍ਹਾ ਦਾ ਰਾਹ ਰੋਕਣ ਲਈ ਉਨ੍ਹਾਂ ਦਾ ਨਾਂਅ ਕੇਸ ‘ਚ ਸ਼ਾਮਲ ਕੀਤਾ ਗਿਆ ਹੈ।
ਇਸ ਦੇ ਵਿਰੋਧ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਅਕਾਲੀ ਦਲ ਦੇ ਪ੍ਰੇਮ ਅਰੋੜਾ, ਸੀ ਪੀ ਆਈ ਦੇ ਕ੍ਰਿਸ਼ਨ ਚੌਹਾਨ, ਭਾਜਪਾ ਦੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਇਸ ਨੂੰ ਧੱਕੇਸ਼ਾਹੀ ਦੱਸਦਿਆਂ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੂੰ ਮੰਗ ਪੱਤਰ ਦੇ ਕੇ ਇਸ ਦੀ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਅਸਲਾ ਮਾਮਲੇ ‘ਚ ਕੌਂਸਲਰ ਅਰਪਿਤ ਚੌਧਰੀ ਦਾ ਨਾਂਅ ਜੋੜਣਾ ਧੱਕੇਸ਼ਾਹੀ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾ ਕਿਹਾ ਕਿ ਜੇਕਰ ਅਰਪਿਤ ਚੌਧਰੀ ਦਾ ਨਾਂਅ ਇਸ ਪਰਚੇ ‘ਚੋਂ ਬਾਹਰ ਨਾ ਕੱਢਿਆ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਇਕਜੁੱਟ ਹੋ ਕੇ ਇਸ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।




