‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ’

0
10

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੰਜਾਬ ਦੇ ਦੋਆਬਾ ਖੇਤਰ ਨੂੰ ਇੱਕ ਵੱਡੀ ਸੌਗਾਤ ਦਿੰਦੇ ਹੋਏ ਜਲੰਧਰ ਸਥਿਤ ਆਦਮਪੁਰ ਹਵਾਈ ਅੱਡੇ ਦਾ ਨਾਂਅ ਅਧਿਕਾਰਤ ਤੌਰ ‘ਤੇ ਬਦਲ ਕੇ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ’ ਕਰ ਦਿੱਤਾ ਹੈ। ਇਸ ਸੰਬੰਧੀ 12 ਜੂਨ ਨੂੰ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਨਾਂਅ ਬਦਲਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਇਤਿਹਾਸਕ ਨਾਮਕਰਨ ਦਾ ਡਿਜੀਟਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਸਮਾਜ ਸੁਧਾਰਕ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ‘ਤੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵੀਂ ਨਾਮ-ਪੱਟੀ ਦਾ ਪਰਦਾ ਹਟਾ ਕੇ ਗੁਰੂ ਰਵਿਦਾਸ ਜੀ ਦੇ ਸਮਾਜਿਕ ਯੋਗਦਾਨ ਨੂੰ ਨਮਨ ਕੀਤਾ।
ਹੁਣ ਡਾਕਟਰੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ ਕਫ਼ ਸਿਰਪ
ਨਵੀਂ ਦਿੱਲੀ : ਦੇਸ਼ ਵਿੱਚ ਖ਼ੰਘ ਦੀਆਂ ਦਵਾਈਆਂ (ਕਫ਼ ਸਿਰਪ) ਦੀ ਖੁੱਲ੍ਹੇਆਮ ਵਿਕਰੀ ‘ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇੱਕ ਬੇਹੱਦ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਕੋਈ ਵੀ ਮੈਡੀਕਲ ਸਟੋਰ ਵਾਲਾ ਖ਼ੰਘ ਦੀ ਸਿਰਪ ਬਿਨਾਂ ਡਾਕਟਰ ਦੀ ਪਰਚੀ ਦੇ ਨਹੀਂ ਵੇਚ ਸਕੇਗਾ। ਸਰਕਾਰ ਦਾ ਇਹ ਕਦਮ ਵਿਸ਼ਵ ਸਿਹਤ ਸੰਗਠਨ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀਆਂ ਗਈਆਂ ਗਲੋਬਲ ਚਿਤਾਵਨੀਆਂ ਤੋਂ ਬਾਅਦ ਸਾਹਮਣੇ ਆਇਆ ਹੈ, ਜਿਨ੍ਹਾਂ ਵਿੱਚ ਤਾਮਿਲਨਾਡੂ ਦੀ ‘ਸ੍ਰੇਸਨ ਫਾਰਮਾਸਿਊਟੀਕਲਜ਼’ ਵੱਲੋਂ ਬਣਾਈ ‘ਕੋਲਡਰਿਫ’ ਸਿਰਪ ਕਾਰਨ 20 ਤੋਂ ਵੱਧ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਉੱਠਿਆ ਸੀ। ਕੇਂਦਰ ਸਰਕਾਰ ਨੇ ਡਰੱਗਜ਼ ਨਿਯਮ 1945 ਵਿੱਚ ਬਦਲਾਅ ਕਰਦਿਆਂ ‘ਡਰੱਗਜ਼ (ਪੰਜਵੀਂ ਸੋਧ) ਨਿਯਮ, 2026’ ਨੂੰ ਨੋਟੀਫਾਈ ਕਰ ਦਿੱਤਾ ਹੈ।
ਅਭਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ
ਵਿਨੀਪੈੱਗ : ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ (ਆਈ ਆਰ ਬੀ) ਨੇ ਬਿਸ਼ਨੋਈ ਗੈਂਗ ਨਾਲ ਸਬੰਧਿਤ ਇੱਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਖਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ। ਅਭਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਆਈ ਆਰ ਬੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ‘ਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਵਿੱਚ ਇੱਕ ਘਰ ਉੱਤੇ 14 ਗੋਲੀਆਂ ਚਲਾਈਆਂ ਸਨ, ਜਦ ਕਿ ਉਸ ਦੇ ਇੱਕ ਸਾਥੀ ਨੇ ਘਰ ਮਾਲਕਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ।
2 ਨੌਜਵਾਨ ਏ ਕੇ-47 ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ
ਜੰਡਿਆਲਾ ਗੁਰੂ : ਇਥੋਂ ਨਜ਼ਦੀਕੀ ਪਿੰਡ ਮਾਨਾਵਾਲਾ ਜੀ ਟੀ ਰੋਡ ਉੱਪਰ ਸਥਿਤ ਪਾਸ਼ ਇਲਾਕੇ ਡਰੀਮ ਸਿਟੀ ਦੇ ਇੱਕ ਫਲੈਟ ਵਿੱਚੋਂ ਛਾਪੇਮਾਰੀ ਦੌਰਾਨ ਇੱਕ ਏ ਕੇ-47 ਰਾਈਫਲ, ਇੱਕ ਪਿਸਤੌਲ ਤੇ ਕਰੀਬ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਸਬੰਧੀ ਪੁਲੀਸ ਵੱਲੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਆਪਰੇਸ਼ਨ ਜੰਮੂ ਕਸ਼ਮੀਰ ਤੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਗਿਆ। ਡੀ ਐੱਸ ਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੂਰਜਦੀਪ ਸਿੰਘ ਵਾਸੀ ਜੰਡਿਆਲਾ ਗੁਰੂ ਮੁਹੱਲਾ ਸ਼ੇਖਪੁਰਾ ਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਦੇਵੀਦਾਸਪੁਰਾ ਵਜੋਂ ਹੋਈ ਹੈ। ਪੁਲੀਸ ਵੱਲੋਂ ਫਲੈਟ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।