ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰ ਪਾਲ/ਪੂਜਾ)-ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਵਿੱਚ ਪੰਜਾਬ ਪੱਧਰ ‘ਤੇ ਬਣੇ ਫਾਸ਼ੀਵਾਦੀ ਵਿਰੋਧੀ ਫਰੰਟ ਵੱਲੋਂ ਮੁਕਤਸਰ ਸਾਹਿਬ ਵਿੱਚ ਤਿੰਨ ਖੱਬੇ ਪੱਖੀ ਪਾਰਟੀਆਂ, ਜਿਨਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਐੱਮ ਐੱਲ ਨਿਊ ਡੈਮੋਕਰੇਸੀ ਵੱਲੋਂ ਸਾਂਝੀ ਮੀਟਿੰਗ ਸੀ ਪੀ ਆਈ ਦਫਤਰ ‘ਚ ਕਾਮਰੇਡ ਜਗਰੂਪ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਹਰਲਾਭ ਸਿੰਘ ਦੂਹੇਵਾਲਾ ਜ਼ਿਲ੍ਹਾ ਸਕੱਤਰ, ਬੋਹੜ ਸਿੰਘ ਸੁਖਨਾ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਹਰਜੀਤ ਸਿੰਘ ਮਦਰੱਸਾ, ਜਗਜੀਤ ਸਿੰਘ ਅਤੇ ਸੀ ਪੀ ਆਈ ਐੱਮ ਐੱਲ ਨਿਊ ਡੈਮੋਕਰੇਸੀ ਦੇ ਆਗੂ ਸ਼ਾਮਲ ਹੋਏ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਹਰਪ੍ਰੀਤ ਸਿੰਘ ਆਦਿ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਉਪਰੋਕਤ ਫਾਸ਼ੀਵਾਦੀ ਵਿਰੋਧੀ ਫਰੰਟ ਵੱਲੋਂ ਸਾਰੇ ਪੰਜਾਬ ਵਿੱਚ ਜਿੱਥੇ 22 ਜੂਨ ਨੂੰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਇਹ ਤਿੰਨ ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਵਾਲਾ ਮੋਰਚਾ 22 ਤਰੀਕ ਨੂੰ ਮੁਕਤਸਰ ਸਾਹਿਬ ਵਿੱਚ ਸਾਂਝੇ ਤੌਰ ‘ਤੇ ਪ੍ਰਦਰਸ਼ਨ ਕਰੇਗਾ। ਪਹਿਲਾਂ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਇਕੱਠ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਮੀਟਿੰਗ ਵਿੱਚ ਉਕਤ ਤਿੰਨਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਗਾਤਾਰ ਦੇਸ਼ ਵਿੱਚ ਆਰਥਿਕ ਸੰਕਟ ਖੜਾ ਕੀਤਾ ਹੋਇਆ ਹੈ ਅਤੇ ਮਹਿੰਆਈ ਲਗਾਤਾਰ ਵਧਾਈ ਜਾ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਕੇਂਦਰ ਦੀ ਮੋਦੀ ਹਕੂਮਤ ਜਦੋਂ ਦੀ ਸੱਤਾ ਵਿੱਚ ਆਈ ਹੈ, ਉਸ ਵੱਲੋਂ ਲਗਾਤਾਰ ਦੇਸ਼ ਵਿੱਚ ਫਿਰਕੂ ਏਜੰਡਾ ਖੜਾ ਕਰਕੇ ਹਿੰਦੂ-ਮੁਸਲਿਮ ਦੇ ਨਾਂਅ ‘ਤੇ ਦੰਗੇ ਕੀਤੇ ਜਾ ਰਹੇ, ਜਿਸ ਨੂੰ ਮੋਦੀ ਹਕੂਮਤ ਪੂਰੀ ਸ਼ਹਿ ਦੇ ਰਹੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਲਾਲ ਝੰਡੇ ਦੀਆਂ ਖੱਬੇ ਪੱਖੀ ਪਾਰਟੀਆਂ ਵੱਲੋਂ ਸਾਂਝੇ ਤੌਰ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਉਹਨਾਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚੋਂ ਮੋਦੀ ਹਕੂਮਤ ਦਾ ਸਫਾਇਆ ਕੀਤਾ ਜਾਵੇ ਅਤੇ ਪੰਜਾਬ ਵਿੱਚ ਵੀ ਭਾਜਪਾ/ ਆਰ ਐੱਸ ਅੱੈਸ ਨੂੰ ਮੂੰਹ ਨਾ ਲਾਇਆ ਜਾਵੇ।




