ਭਾਜਪਾ ਦੇ ਮਨਸੂਬੇ ਪਛਾੜ ਦੇਵੇਗਾ ਪੰਜਾਬ : ਧਾਲੀਵਾਲ

0
14

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੀ ਸੂਬਾ ਸਕੱਤਰੇਤ ਦੀ ਮੀਟਿੰਗ ਬੀਤੇ ਦਿਨੀਂ ਹੋਈ, ਜਿਸ ਵਿਚ ਸਾਰੇ ਸੂਬਾ ਸਕੱਤਰੇਤ ਮੈਂਸ਼ਰ ਹਾਜ਼ਰ ਸਨ। ਮੀਟਿੰਗ ਵਿਚ ਜਿਨ੍ਹਾਂ ਅਹਿਮ ਏਜੰਡਿਆਂ ‘ਤੇ ਵਿਚਾਰ-ਵਟਾਂਦਰਾ ਕਰਕੇ ਫੈਸਲੇ ਲਏ ਗਏ, ਉਹਨਾਂ ਵਿਚ ਸਾਲ 2027 ਦੇ ਸ਼ੁਰੂ ਵਿਚ ਪੰਜਾਬ ਵਿਚ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ, ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਮਸਲੇ, ਪੰਜਾਬ ਨਾਲ ਕੇਂਦਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤਹਿਤ ਪਾਣੀਆਂ ਦਾ ਸੁਆਲ, ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ, ਪੰਜਾਬੀ ਭਾਸ਼ਾ ‘ਤੇ ਹਮਲਾ, ਬੀ ਬੀ ਐੱਮ ਬੀ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨਾ, ਐੱਸ ਆਈ ਆਰ ਰਾਹੀਂ ਵੋਟਾਂ ਕੱਟਣ ਦੀਆਂ ਗੋਂਦਾਂ, ਬੇਰੁਜ਼ਗਾਰੀ, ਅਮਨ-ਕਾਨੂੰਨ ਦੀ ਬੁਰੀ ਤਰ੍ਹਾਂ ਨਿੱਘਰ ਚੁੱਕੀ ਸਥਿਤੀ, ਮੁਕਤ ਵਪਾਰ ਸਮਝੌਤੇ ਰਾਹੀਂ ਕਿਸਾਨੀ ਖਾਸ ਕਰ ਪੰਜਾਬ ਦੇ ਕਿਸਾਨਾਂ ‘ਤੇ ਪੈਣ ਵਾਲੇ ਤਬਾਹਕੁਨ ਪ੍ਰਭਾਵ, ਨਸ਼ਿਆਂ ਦਾ ਪ੍ਰਕੋਪ, ਇਸੇ ਤਰ੍ਹਾਂ ਮਜ਼ਦੂਰ-ਵਿਰੋਧੀ ਚਾਰ ਲੇਬਰ ਕੋਡਜ਼, ਫਿਰਕਾਪ੍ਰਸਤੀ ਕੰਟਰੈਕਟ/ਆਊਟ ਸੋਰਸ ਸਿਸਟਮ ਰਾਹੀਂ ਮਜ਼ਦੂਰਾਂ ਦਾ ਆਰਥਕ ਸੋਸ਼ਣ, ਨਰੇਗਾ ਖਤਮ ਕਰਨਾ, ਮੁਲਾਜ਼ਮਾਂ ਦਾ 18 ਫੀਸਦੀ ਡੀ ਏ ਨਾ ਦਿੱਤਾ ਜਾਣਾ, ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਭਾਜਪਾ ਵੱਲੋਂ ਚੋਣਾਂ ਵਿਚ ਵਰਤੇ ਜਾਣ ਵਾਲੇ ਸੰਭਾਵੀ ਖਤਰਨਾਕ ਤਰੀਕੇ ਆਦਿ ਸ਼ਾਮਲ ਸਨ।
ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ ਅਤੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਪਹਿਲਾਂ ਹੀ ਇਨ੍ਹਾਂ ਮਸਲਿਆਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਜ਼ਿਲਿਆਂ ਅਤੇ ਵੱਡੇ ਸ਼ਹਿਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਰਟੀ ਵੱਲੋਂ ਕਨਵੈਨਸ਼ਨਾਂ ਕਰਨ ਦੇ ਦਿੱਤੇ ਸੱਦੇ ਤਹਿਤ 12 ਜ਼ਿਲ੍ਹਿਆਂ ਵਿਚ ਸਫਲ ਕਨਵੈਨਸ਼ਨਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੇ ਜ਼ਿਲ੍ਹਿਆਂ ਵੱਲੋਂ ਵੀ ਕਨਵੈਨਸ਼ਨਾਂ ਦੀਆਂ ਤਰੀਕਾਂ ਤੈਅ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਅਗਲੀਆਂ ਸਰਗਰਮੀਆਂ ਦੀ ਰੂਪ-ਰੇਖਾ ਤਿਆਰ ਕਰਕੇ ਲੋਕ ਲਾਮਬੰਦੀ ਕਰਦੇ ਹੋਏ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਸਕੱਤਰੇਤ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋਂ ਦੇਸ਼ ਵਿਚ ਫਿਰਕਾਪ੍ਰਸਤ ਤਾਕਤਾਂ ਨੂੰ ਜਿਵੇਂ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਉਸ ਦਾ ਹੀ ਸਿੱਟਾ ਹੈ ਕਿ ਦੇਸ਼ ਵਿਚ ਘੱਟ-ਗਿਣਤੀਆਂ ਪ੍ਰਤੀ ਖਾਸ ਕਰ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ, ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਨਮਰਜ਼ੀ ਦੇ ਤਰੀਕੇ ਨਾਲ ਵਿਵਾਦਤ ਦੱਸ ਕੇ ਹਿੰਦੂ-ਮੁਸਲਮਾਨਾਂ ਵਿਚ ਝਗੜੇ ਕਰਵਾਏ ਜਾ ਰਹੇ ਹਨ ਅਤੇ ਫਿਰਕੂ ਧਰੁਵੀਕਰਨ ਕੀਤਾ ਜਾ ਰਿਹਾ ਹੈ, ਨਫਰਤੀ ਪ੍ਰਚਾਰ ਜ਼ੋਰ-ਸ਼ੋਰ ਨਾਲ ਜਾਰੀ ਹੈ, ਜਿਸ ਨਾਲ ਧਾਰਮਿਕ ਘੱਟ-ਗਿਣਤੀ ਭਾਈਚਾਰੇ ਵਿਚ ਡਰ ਅਤੇ ਸਹਿਮ ਦਾ ਮਹੌਲ ਸਿਰਜਿਆ ਜਾ ਰਿਹਾ ਹੈ।
ਸੰਵਿਧਾਨਕ ਸੰਸਥਾਵਾਂ ਦੀ ਨਿਰਪੱਖਤਾ ਨੂੰ ਖਤਮ ਕਰਕੇ ਪੂਰੀ ਤਰ੍ਹਾਂ ਬੀਜੇਪੀ ਦੀਆਂ ਸੰਸਥਾਵਾਂ ਬਣਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦੀ ਭੂਮਿਕਾ ਬੇਹੱਦ ਇਕਪਾਸੜ ਹੋ ਚੁੱਕੀ ਹੈ। ਐੱਸ ਆਈ ਆਰ ਦੇ ਬਹਾਨੇ ਵਿਰੋਧੀਆਂ ਦੀਆਂ ਵੱਡੇ ਪੱਧਰ ‘ਤੇ ਵੋਟਾਂ ਕੱਟੀਆਂ ਜਾ ਰਹੀਆਂ ਹਨ, ਜਿਵੇਂ ਪਹਿਲਾਂ ਯੂ ਪੀ, ਮਹਾਰਾਸ਼ਟਰ, ਬਿਹਾਰ ਤੇ ਬੰਗਾਲ ਵਿਚ 25 ਤੋਂ 30 ਫੀਸਦੀ ਤੱਕ ਵੋਟਾਂ ਕੱਟੀਆਂ ਗਈਆਂ। ਹੁਣ ਪੰਜਾਬ ਵਿਚ 37 ਲੱਖ ਵੋਟਾਂ ਕੱਟਣ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਆਂ ਪਾਲਿਕਾ ਦੀ ਗਰਿਮਾ ਨੂੰ ਵੀ ਕਾਫੀ ਹੱਦ ਤੱਕ ਢਾਹ ਲੱਗ ਚੁੱਕੀ ਹੈ। ਅਦਾਲਤਾਂ ਦੇ ਅਨੇਕਾਂ ਫੈਸਲਿਆਂ ‘ਤੇ ਸੁਆਲ ਉਠ ਰਹੇ ਹਨ। ਕੇਂਦਰ ਵਲੋਂ ਰਾਜਾਂ ਦੀ ਸੰਘੀ ਘੁੱਟ ਕੇ ਫੈਡਰਲ ਢਾਂਚੇ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਈ ਡੀ, ਸੀ ਬੀ ਆਈ, ਐੱਨ ਆਈ ਏ ਵਰਗੀਆਂ ਏਜੰਸੀਆਂ ਦੀ ਵਰਤੋਂ ਖੁੱਲ੍ਹੇਆਮ ਵਿਰੋਧੀ ਪਾਰਟੀਆਂ ਨੂੰ ਅਤੇ ਲੋਕ-ਪੱਖੀ ਆਗੂਆਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ। ਪੰਜਾਬ ਵਿਚ ਜਲਦੀ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਭਾਜਪਾ ਬੰਗਾਲ, ਬਿਹਾਰ ਵਾਂਗ ਜਿੱਤਣ ਦੀਆਂ ਵਿਊਂਤਬੰਦੀਆਂ ਕਰ ਰਹੀ ਹੈ। ਹੰਕਾਰ ਨਾਲ ਸੱਦਾ ਦੇ ਰਹੀ ਹੈ ਕਿ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਇਸ ਤਰ੍ਹਾਂ ਦੀ ਭਾਸ਼ਾ ਖਤਰਨਾਕ ਹਾਲਾਤ ਪੈਦਾ ਕਰਨ ਦੇ ਸੰਕੇਤ ਦਿੰਦੀ ਹੈ। ਕਮਿਊਨਿਸਟ ਪਾਰਟੀ ਅਜਿਹੇ ਮਹੌਲ ਪ੍ਰਤੀ ਲੋਕਾਂ ਨੂੰ ਮੰਦੇ ਮਨਸੂਬਿਆਂ ਤੋਂ ਸੁਚੇਤ ਕਰ ਰਹੀ ਹੈ ਅਤੇ ਪੰਜਾਬ ਬਾਰੇ ਕੋਈ ਭਰਮ ਪਾਲਣ ਵਾਲਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਇਹ ਸੂਬਾ ਬੰਗਾਲ ਜਾਂ ਬਿਹਾਰ ਨਹੀਂ, ਇਥੋਂ ਦੇ ਲੋਕ ਨਫ਼ਰਤ ਦੇ ਬੀਜ ਬੀਜਣ ਵਾਲਿਆਂ ਨੂੰ ਚੰਗੀ ਤਰ੍ਹਾਂ ਪਛਾੜਦੇ ਹਨ। ਅਜੇ ਹੁਣੇ ਹੁਣੇ ਹੋਈਆਂ ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਭਾਜਪਾ ਦੇ 1100 ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਸ਼ੀਸ਼ਾ ਵਿਖਾ ਦਿੱਤਾ ਹੈ। ਪੰਜਾਬ ਦੀ ਮਾਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਚਰਚਾ ਕਰਦਿਆਂ ਸਕੱਤਰੇਤ ਨੇ ਨੋਟ ਕੀਤਾ ਕਿ ਪੰਜਾਬ ਦੇ ਸਿਰ ਇਸ ਸਰਕਾਰ ਨੇ ਆਪਣਾ ਸਮਾਂ ਪੂਰਾ ਹੋਣ ਤੱਕ 5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦੇਣਾ ਹੈ, ਇਸ ਸਰਕਾਰ ਨੇ ਪੰਜਾਬ ਦੇ ਬੁਨਿਆਦੀ ਮਸਲਿਆਂ ਨੂੰ ਕੇਂਦਰ ਦੇ ਦਬਾਅ ਥੱਲੇ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਭਾਵੇਂ ਉਹ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ, ਦਰਿਆਈ ਪਾਣੀਆਂ ਦੇ ਵਿਵਾਦ ਸੰਬੰਧੀ, ਪੰਜਾਬੀ ਭਾਸ਼ਾ, ਬੀ ਬੀ ਐੱਮ ਬੀ ਦੀ ਸਥਾਈ ਮੈਂਬਰੀ ਖੁਸ ਜਾਣਾ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਕਿਸਾਨੀ ਦੇ ਗੰਭੀਰ ਮਸਲੇ, ਮਜ਼ਦੂਰ-ਵਿਰੋਧੀ ਚਾਰ ਲੇਬਰ ਕੋਡਜ਼, ਬਿਜਲੀ ਬਿੱਲ, ਸੀਡ ਬਿੱਲ ਆਦਿ ਬਾਰੇ ਸਰਕਾਰ ਜਾਂ ‘ਆਪ’ ਕੋਈ ਗੰਭੀਰਤਾ ਵਿਖਾਉਣ ਦੀ ਬਜਾਏ ਡੰਗ-ਟਪਾਊ ਤਰੀਕੇ ਨਾਲ ਹੀ ਵਿਚਰ ਰਹੀ ਹੈ। ਇਸ ਰਵੱਈਏ ਦੇ ਐਨ ਉਲਟ ਇਹ ਸਰਕਾਰ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕਰ ਰਹੀ, ਸਗੋਂ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਆਦਿ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸ ਦੀ ਅੰਨ੍ਹੇਵਾਹ ਵਰਤੋਂ ਰਾਹੀ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ, ਕੇਸ ਦਰਜ ਕਰਨ ਵਰਗੇ ਗੈਰ-ਜਮਹੂਰੀ ਤਰੀਕੇ ਅਪਣਾ ਕੇ ਜਬਰ ਕਰ ਰਹੀ ਹੈ। ਨਸ਼ੇ, ਬੇਰੁਜ਼ਗਾਰੀ, ਸਿਹਤ, ਸਿੱਖਿਆ, ਚੋਰੀਆਂ, ਕਤਲ, ਡਾਕੇ, ਫਿਰੌਤੀਆਂ ਬਾਰੇ ਇਹਨਾਂ ਹਾਕਮਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਪੰਜਾਬ ਸੀ ਪੀ ਆਈ ਇਹਨਾਂ ਸਾਰੇ ਮੁੱਦਿਆਂ ਨੂੰ ਜਲਦੀ ਹੋਣ ਜਾ ਰਹੀਆਂ ਚੋਣਾਂ ਦੌਰਾਨ ਹੋਰ ਵੀ ਜ਼ੋਰਦਾਰ ਢੰਗ ਨਾਲ ਉਠਾਏਗੀ।