ਖਾਲਸਾ ਟੈਕਸ ਫਿਲਹਾਲ ਟਲਿਆ

0
10

ਸ੍ਰੀ ਅਨੰਦਪੁਰ ਸਾਹਿਬ : ਨਿਹੰਗ ਬਾਬਾ ਅੱਛਰ ਸਿੰਘ ਮਹਾਂਕਾਲ ਦੀ ਅਗਵਾਈ ਹੇਠ ਸ਼ਨੀਵਾਰ ਇੱਕ ਵਫ਼ਦ ਨੇ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਕੀਰਤਪੁਰ ਸਾਹਿਬ ਦੇ ਐੱਸ ਐੱਚ ਓ ਰਾਹੁਲ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਵਾਹਨਾਂ ਅਤੇ ਯਾਤਰੀਆਂ ਨਾਲ ਹੋ ਰਹੇ ਵਿਤਕਰੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ‘ਖਾਲਸਾ ਟੈਕਸ’ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣ ਦਾ ਭਰੋਸਾ ਦਿੰਦਿਆਂ ਫਿਲਹਾਲ ਸੰਘਰਸ਼ ਨੂੰ ਟਾਲਣ ਦੀ ਅਪੀਲ ਕੀਤੀ ਸੀ। ਤਹਿਸੀਲਦਾਰ ਸੰਦੀਪ ਕੁਮਾਰ ਨੇ ਪੁਸ਼ਟੀ ਕੀਤੀ ਕਿ ਜਥੇਬੰਦੀ ਵੱਲੋਂ ਟੋਲ ਅਤੇ ਐਂਟਰੀ ਟੈਕਸ ਨਾਲ ਸੰਬੰਧਤ ਮੰਗਾਂ ਦਾ ਇੱਕ ਮੰਗ-ਪੱਤਰ ਸੌਂਪਿਆ ਗਿਆ ਹੈ। ਉਨ੍ਹਾ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜਥੇਬੰਦੀ ਦੀ ਮੀਟਿੰਗ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਪੈਦਾ ਹੋਏ ਵਿਵਾਦ ਦਾ ਕੋਈ ਸਥਾਈ ਹੱਲ ਕੱਢਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ 21 ਜੂਨ ਤੋਂ ਸ਼ੁਰੂ ਕੀਤੇ ਜਾਣ ਵਾਲੇ ‘ਖਾਲਸਾ ਟੈਕਸ’ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।
ਨਾਗਪੁਰ ਦੇ ਵਿਦਿਆਰਥੀ ਨੂੰ ਅਬੂ ਧਾਬੀ ਕੇਂਦਰ ਮਿਲਿਆ!
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਦੇ ਇੱਕ ਵਿਦਿਆਰਥੀ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਤਵਾਰ ਨੂੰ ਹੋਣ ਵਾਲੀ ਨੀਟ-ਯੂ ਜੀ 2026 ਮੁੜ ਪ੍ਰੀਖਿਆ ਲਈ ਆਬੂ ਧਾਬੀ ਕੇਂਦਰ ਅਲਾਟ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਐੱਨ ਟੀ ਏ ਕੋਲ ਇਹ ਮੁੱਦਾ ਉਠਾਇਆ ਅਤੇ ਸੁਧਾਰ ਦੀ ਮੰਗ ਕੀਤੀ। ਵਿਦਿਆਰਥੀ ਅਬਦੁੱਲਾ ਤਾਲਿਬ ਨੇ ਪ੍ਰੀਖਿਆ ਲਈ ਨਾਗਪੁਰ, ਵਰਧਾ ਅਤੇ ਭੰਡਾਰਾ ਕੇਂਦਰਾਂ ਨੂੰ ਤਰਜੀਹ ਦਿੱਤੀ ਸੀ।
ਜਦੋਂ ਉਸ ਨੂੰ ਪ੍ਰੀਖਿਆ ਕਾਰਡ ਪ੍ਰਾਪਤ ਹੋਇਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਨੂੰ ਅਬੂ ਧਾਬੀ ਵਿੱਚ ਇੱਕ ਪ੍ਰੀਖਿਆ ਕੇਂਦਰ ਅਲਾਟ ਕੀਤਾ ਗਿਆ ਹੈ । ਐੱਨ ਟੀ ਏ ਨੇ ਉਨ੍ਹਾ ਨੂੰ ਨਵਾਂ ਪ੍ਰੀਖਿਆ ਕੇਂਦਰ ਅਲਾਟ ਕਰਨ ਦਾ ਭਰੋਸਾ ਦਿੱਤਾ ਹੈ।