ਚੰਡੀਗੜ੍ਹ : ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੀਆਂ ਚਾਰ ਸਥਾਨਕ ਸਰਕਾਰਾਂ ਵਿਭਾਗ ਨਾਲ ਸੰਬੰਧਤ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਜਾਰੀ ਆਦੇਸ਼ ਅਨੁਸਾਰ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂ ਹਰਸਹਾਏ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਮਮਦੋਟ ਦੀ ਚੋਣ ਲਈ ਵੋਟਿੰਗ 5 ਜੁਲਾਈ ਨੂੰ ਹੋਵੇਗੀ। ਕਮਿਸ਼ਨਰ ਰਾਜ ਕਮਲ ਚੌਧਰੀ ਨੇ ਐਲਾਨ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ 22 ਜੂਨ (ਸੋਮਵਾਰ) ਤੋਂ ਭਰਨੇ ਸ਼ੁਰੂ ਕੀਤੇ ਜਾਣਗੇ, ਜੋ ਕਿ 25 ਜੂਨ ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਸੰਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਭਰੇ ਜਾਣਗੇ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ 26 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀ ਪੱਤਰ 27 ਜੂਨ ਦੁਪਹਿਰ 3:00 ਵਜੇ ਤੱਕ ਵਾਪਸ ਲਏ ਜਾ ਸਕਣਗੇ। ਉਨ੍ਹਾ ਕਿਹਾ ਕਿ ਵੋਟਿੰਗ 5 ਜੁਲਾਈ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ, ਜਦੋਂ ਕਿ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ।




