ਚੰਡੀਗੜ੍ਹ (ਨ ਜ਼ ਸ)-ਪੰਜਾਬ ਸਰਕਾਰ ਨੇ ਪਾਵਰਕਾਮ ਦੇ ਅਪਰੈਂਟਿਸ ਨੌਜਵਾਨਾਂ ਨੂੰ ਵੱਡੀ ਰਾਹਤ ਦਿੰਦਿਆਂ 2437 ਨੌਜਵਾਨਾਂ ਨੂੰ ਬਤੌਰ ਸਹਾਇਕ ਲਾਈਨਮੈਨ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਐਲਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਚੀਮਾ ਨੇ ਕਿਹਾ ਕਿ ਪਾਵਰਕਾਮ ਵਿੱਚ ਬਤੌਰ ਅਪਰੈਂਟਿਸ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਹੁਣ ਕੋਈ ਨਵਾਂ ਭਰਤੀ ਲਈ ਟੈਸਟ ਨਹੀਂ ਦੇਣਾ ਪਵੇਗਾ, ਉਹਨਾਂ ਵੱਲੋਂ ਪਹਿਲਾਂ ਦਿੱਤਾ ਗਿਆ ਟੈਸਟ ਹੀ ਮਨਜ਼ੂਰ ਕੀਤਾ ਜਾਵੇਗਾ, ਪਰ ਸਹਾਇਕ ਲਾਈਨਮੈਨ ਭਰਤੀ ਹੋਣ ਵਾਲੇ ਨੌਜਵਾਨਾਂ ਤੋਂ ਪੰਜਾਬੀ ਭਾਸ਼ਾ ਦਾ ਇੱਕ ਟੈਸਟ ਜ਼ਰੂਰ ਲਿਆ ਜਾਵੇਗਾ। ਇਹ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਅੱਗੇ ਬਤੌਰ ਸਹਾਇਕ ਲਾਈਨਮੈਨ ਨੌਕਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਪਾਵਰਕਾਮ ਦਫਤਰ ਦੇ ਬਾਹਰ 2600 ਅਪਰੈਂਟਿਸ ਨੌਜਵਾਨਾਂ ਵੱਲੋਂ ਭਰਤੀ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।





