ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਪਾਵਰਕਾਮ ਟ੍ਰਾਂਸਕੋ ਆਊਟਸੋਰਸ ਵਰਕਰਜ਼ ਯੂਨੀਅਨ (ਏਟਕ) ਪੰਜਾਬ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਪੀ ਐੱਸ ਪੀ ਸੀ ਐੱਲ ਦੀ ਮੈਨੇਜਮੈਂਟ ਦੇ ਅੜੀਅਲ ਰਵੱਈਏ ਅਤੇ ਵਾਅਦਾ-ਖ਼ਿਲਾਫ਼ੀ ਵਿਰੁੱਧ ਮੁੱਖ ਦਫ਼ਤਰ (ਹੈੱਡ ਆਫ਼ਿਸ) ਪਟਿਆਲਾ ਵਿਖੇ ਲਗਾਇਆ ਗਿਆ ਰੋਸ ਧਰਨਾ ਸ਼ਨੀਵਾਰ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ। ਮੁਲਾਜ਼ਮਾਂ ਵਿੱਚ ਮੈਨੇਜਮੈਂਟ ਅਤੇ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਦੱਸਿਆ ਕਿ 24 ਮਈ ਨੂੰ ਖੰਨਾ ਵਿਖੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸੀ ਐੱਮ ਡੀ ਪੀ ਐੱਸ ਪੀ ਸੀ ਐੱਲ ਅਤੇ ਡਾਇਰੈਕਟਰ ਸਾਹਿਬਾਨ ਨਾਲ ਇੱਕ ਉਚ ਪੱਧਰੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਆਊਟਸੋਰਸ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ‘ਤੇ ਸਹਿਮਤੀ ਬਣੀ ਸੀ ਅਤੇ ਮੈਨੇਜਮੈਂਟ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ 15 ਜੂਨ ਤੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਨੂੰ ਆਫ਼ਰ ਲੈਟਰ ਦੇ ਦਿੱਤੇ ਜਾਣਗੇ, ਪਰ ਅਫ਼ਸੋਸ ਦੀ ਗੱਲ ਹੈ ਕਿ ਤੈਅ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਤੇ ਨਾ ਹੀ ਆਫ਼ਰ ਲੈਟਰ ਦਿੱਤੇ ਗਏ ਹਨ। ਜਦੋਂ ਤੱਕ ਬਿਜਲੀ ਵਿਭਾਗ ਦੀ ਮੈਨੇਜਮੈਂਟ ਆਊਟਸੋਰਸ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਫ਼ਰ ਲੈਟਰ ਨਹੀਂ ਸੌਂਪਦੀ, ਉਦੋਂ ਤੱਕ ਇਹ ਅਣਮਿੱਥੇ ਸਮੇਂ ਦਾ ਧਰਨਾ ਬਿਲਕੁਲ ਖ਼ਤਮ ਨਹੀਂ ਹੋਵੇਗਾ। ਮੈਨੇਜਮੈਂਟ ਖ਼ਿਲਾਫ਼ ਰੋਸ ਵਜੋਂ ਸ਼ਨੀਵਾਰ ਸ਼ਹਿਰ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਅਤੇ ਪੀ ਐੱਸ ਪੀ ਸੀ ਐੱਲ ਹੈਡ ਆਫ਼ਿਸ ਪਟਿਆਲਾ ਦਾ ਸ਼ੇਰਾਂ ਵਾਲਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਗੂਆਂ ਨੇ ਜਾਣਕਾਰੀ ਦਿੱਤੀ ਕਿ• 19 ਜੂਨ ਨੂੰ ਪੀ ਐੱਸ ਪੀ ਸੀ ਐੱਲ ਹੈੱਡ ਆਫ਼ਿਸ ਵਿਖੇ ਮੀਟਿੰਗ ਹੋਈ, ਜਿਸ ਵਿੱਚ ਬਿਜਲੀ ਬੋਰਡ ਦੀ ਮੈਨੇਜਮੈਟ ਵੱਲੋਂ ਦੋ ਡਾਇਰੈਕਟਰ ਸਾਹਿਬਾਨ , ਆਈ ਆਰ ਰਣਬੀਰ ਸਿੰਘ, ਜਥੇਬੰਦੀ ਦੇ ਪ੍ਰਧਾਨ ਹਰਵਿੰਦਰ ਸ਼ਰਮਾ ਅਤੇ ਸਾਰੇ ਜਥੇਬੰਦਕ ਆਗੂ ਸ਼ਾਮਲ ਹੋਏ ।ਸ਼ਾਮ ਛੇ ਵਜੇ ਪੀ ਐੱਸ ਟੀ ਸੀ ਐੱਲ ਗੈਸਟ ਹਾਊਸ ਮੁਹਾਲੀ ਵਿਖੇ ਸੀ ਐੱਮ ਡੀ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਹੱਕੀ ਮੰਗਾਂ ਨੂੰ ਲੈ ਕੇ ਕਾਫੀ ਲੰਮਾ ਸਮਾਂ ਚਰਚਾ ਹੋਈ ਅਤੇ ਮੀਟਿੰਗ ਦੌਰਾਨ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਨਾ ਹੋਣ ਕਾਰਨ ਮੀਟਿੰਗ ਅੱਧ-ਵਿਚਾਲੇ ਟੁੱਟੀ ।ਕਰੀਬ ਇੱਕ ਘੰਟੇ ਬਾਅਦ ਫਿਰ ਤੋਂ ਮੀਟਿੰਗ ਹੋਈ, ਪਰ ਉਹ ਵੀ ਬੇਸਿੱਟਾ ਹੀ ਰਹੀ । ਆਗੂਆਂ ਚੇਤਾਵਨੀ ਦਿੱਤਾ ਹੈ ਕਿ ਜੇਕਰ 22 ਜੂਨ ਤੱਕ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਨੋਟੀਫਿਕੇਸ਼ਨ ਅਤੇ ਆਫ਼ਰ ਲੈਟਰ ਜਾਰੀ ਨਾ ਕੀਤੇ, ਤਾਂ ਜਥੇਬੰਦੀ ਵੱਲੋਂ ਕਿਸੇ ਵੀ ਸਮੇਂ ਹੈੱਡ ਆਫ਼ਿਸ ਦੇ ਮੇਨ ਗੇਟ ਨੂੰ ਮੁਕੰਮਲ ਤੌਰ ‘ਤੇ ਬੰਦ (ਜਾਮ) ਕਰਕੇ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਮੈਨੇਜਮੈਂਟ ਦੀ ਹੋਵੇਗੀ।ਇਸ ਸੰਘਰਸ਼ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ, ਸਾਂਝੀ ਥਰਮਲ ਕੰਟਰੈਕਟ ਵਰਕਰਜ਼ ਸੰਘਰਸ਼ ਕਮੇਟੀ ਪੰਜਾਬ ਅਤੇ ਹੋਰ ਕਈ ਸਹਿਯੋਗੀ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਵਜੋਂ ਧਰਨੇ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਈਆਂ।ਧਰਨੇ ਵਿੱਚ ਹਾਜ਼ਰ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਵਿੱਚ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ,• ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ,• ਮੁੱਖ ਸਲਾਹਕਾਰ ਰਮਨਦੀਪ ਸਿੰਘ ਮੋਗਾ,• ਮੁੱਖ ਸਲਾਹਕਾਰ ਮਨਦੀਪ ਸ਼ਰਮਾ ਰਾਮਪੁਰਾ,• ਮੁੱਖ ਸਲਾਹਕਾਰ ਹਰਜਿੰਦਰ ਸਿੰਘ ਰਾਜੂ,• ਸੀਨੀਅਰ ਮੀਤ ਪ੍ਰਧਾਨ ਰਾਮ ਦੁਲਾਰ ਚੌਹਾਨ,• ਮੀਤ ਪ੍ਰਧਾਨ ਮਨਦੀਪ ਸਿੰਘ ਪਟਿਆਲਾ,• ਵਿੱਤ ਸਕੱਤਰ ਹਰਦੀਪ ਸਿੰਘ ਬਾਦਸ਼ਾਹਪੁਰ,• ਸਹਾਇਕ ਵਿੱਤ ਸਕੱਤਰ ਸੁਖਵੀਰ ਸਿੰਘ ਸੁੱਖਾ ਲਲਤਂੋ,• ਪ੍ਰੈੱਸ ਸਕੱਤਰ ਜਗਦੀਪ ਸਿੰਘ ਧਾਲੀਵਾਲ ਮਾਨਸਾ,• ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਬਾਗੀ ਆਦਿ ਆਗੂਆਂ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਹੱਕਾਂ ਦੀ ਪ੍ਰਾਪਤੀ ਤੱਕ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ।





