ਰਿਆ ਕਪੂਰ ਦੀਆਂ 1.35 ਕਰੋੜ ਦੀਆਂ ਵਾਲੀਆਂ ਨਿਊਯਾਰਕ ‘ਚ ਚੋਰੀ

0
21

ਮੁੰਬਈ : ਫ਼ਿਲਮ ਨਿਰਮਾਤਾ ਰਿਆ ਕਪੂਰ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਹੀਰੇ ਅਤੇ ਪੰਨੇ ਜੜੀਆਂ ਵਾਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਆ ਦੀ ਟੀਮ ਨਿਊਯਾਰਕ ਵਿੱਚ ਹੋਏ ਵੱਕਾਰੀ ‘ਮੇਟ ਗਾਲਾ’ ਵਿੱਚ ਹਿੱਸਾ ਲੈਣ ਗਈ ਸੀ। ਇਸ ਮਾਮਲੇ ਵਿੱਚ ਮੁੰਬਈ ਦੀ ਸਹਾਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫ ਆਈ ਆਰ ਦਰਜ ਕਰ ਲਈ ਹੈ। ਪੁਲਸ ਅਨੁਸਾਰ ਰਿਆ ਕਪੂਰ ਦੀ ਸੈਲੀਬ੍ਰਿਟੀ ਮੇਕਅੱਪ ਆਰਟਿਸਟ ਸਵਲੀਨ ਸਿੰਘ ਪ੍ਰੋਗਰਾਮ ਵਿੱਚ ਵਰਤੋਂ ਲਈ ਮੁੰਬਈ ਦੇ ਦੋ ਜਵੈਲਰਾਂ ਤੋਂ ਕਿਰਾਏ ‘ਤੇ ਲਏ ਮਹਿੰਗੇ ਗਹਿਣੇ ਆਪਣੇ ਨਾਲ ਲੈ ਕੇ ਗਏ ਸਨ। ਇਨ੍ਹਾਂ ਗਹਿਣਿਆਂ ਵਿੱਚ ਹੀਰੇ ਅਤੇ ਪੰਨੇ ਜੜੀਆਂ ਵਾਲੀਆਂ ਦੇ ਦੋ ਸੈੱਟ ਸ਼ਾਮਲ ਸਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 1.35 ਕਰੋੜ ਰੁਪਏ ਦੱਸੀ ਗਈ ਹੈ। ਸ਼ਿਕਾਇਤ ਮੁਤਾਬਕ ਰਿਆ ਕਪੂਰ ਅਤੇ ਉਨ੍ਹਾ ਦੀ ਟੀਮ 27 ਅਪਰੈਲ ਨੂੰ ਮੁੰਬਈ ਤੋਂ ਰਵਾਨਾ ਹੋਈ ਸੀ। ਦੁਬਈ ਵਿੱਚ ਸਟੇਅ (ਟਰਾਂਜ਼ਿਟ) ਤੋਂ ਬਾਅਦ ਟੀਮ 28 ਅਪਰੈਲ ਨੂੰ ਨਿਊ ਯਾਰਕ ਦੇ ਜੌਨ ਐੱਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀ। ਗਹਿਣਿਆਂ ਨੂੰ ਦੋ ਵੱਖ-ਵੱਖ ਡੱਬਿਆਂ ਵਿੱਚ ਪੈਕ ਕਰਕੇ ਸਵਲੀਨ ਸਿੰਘ ਦੇ ਹੈਂਡਬੈਗ ਵਿੱਚ ਰੱਖਿਆ ਗਿਆ ਸੀ। ਜਦੋਂ ਟੀਮ ਨਿਊ ਯਾਰਕ ਦੇ ‘ਦਿ ਪੀਅਰੇ ਹੋਟਲ’ ਪਹੁੰਚੀ ਅਤੇ ਉੱਥੇ ਰੁਕਣ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਦੋਂ ਗਹਿਣਿਆਂ ਦੇ ਡੱਬੇ ਖੋਲ੍ਹੇ ਗਏ ਤਾਂ ਦੋਵੇਂ ਡੱਬੇ ਖਾਲੀ ਮਿਲੇ।
ਪੁਲਸ ਮੁਤਾਬਕ ਚੋਰੀ ਹੋਏ ਗਹਿਣਿਆਂ ਵਿੱਚ 18 ਕੈਰੇਟ ਸੋਨੇ, ਹੀਰੇ ਅਤੇ ਪੰਨੇ ਨਾਲ ਜੜੀ ਇੱਕ ਜੋੜੀ ਵਾਲੀਆਂ ਸ਼ਾਮਲ ਹਨ, ਜਿਸ ਦੀ ਕੀਮਤ ਲਗਭਗ 66 ਲੱਖ ਰੁਪਏ ਹੈ। ਦੂਜੀ ਜੋੜੀ ਜ਼ੈਂਬੀਅਨ ਪੰਨੇ ਅਤੇ ਸੋਨੇ ਦੇ ਬਾਰਡਰ ਨਾਲ ਤਿਆਰ ਕੀਤੀ ਗਈ ਸੀ, ਜਿਸ ਦੀ ਕੀਮਤ ਕਰੀਬ 69 ਲੱਖ ਰੁਪਏ ਦੱਸੀ ਗਈ ਹੈ। ਇਹ ਗਹਿਣੇ ਮੁੰਬਈ ਦੇ ਮਹਿਤਾ ਜਵੈਲਰਜ਼ ਅਤੇ ਗੋਇਨਕਾ ਜਵੈਲਰਜ਼ ਤੋਂ ਕਿਰਾਏ ‘ਤੇ ਲਏ ਗਏ ਸਨ।