ਸਰਬ ਭਾਰਤ ਨੌਜਵਾਨ ਸਭਾ ਦੀ ਦੋ ਰੋਜ਼ਾ ਕੌਮੀ ਸੋਸ਼ਲ ਮੀਡੀਆ ਵਰਕਸ਼ਾਪ

0
9

ਸਫਲਤਾਪੂਰਵਕ ਸੰਪੰਨ
ਵਡੋਦਰਾ (ਚਰਨਜੀਤ ਛਾਂਗਾ ਰਾਏ)
ਸਰਬ ਭਾਰਤ ਨੌਜਵਾਨ ਸਭਾ ਦੀ ਕੌਮੀ ਕੌਂਸਲ ਦੀ ਸੋਸ਼ਲ ਮੀਡੀਆ ਸਬ-ਕਮੇਟੀ ਵੱਲੋਂ ਆਯੋਜਿਤ ਦੋ ਰੋਜ਼ਾ ਸੋਸ਼ਲ ਮੀਡੀਆ ਵਰਕਸ਼ਾਪ ਇਥੇ ਸਥਾਨਕ ਨਿੱਜੀ ਹੋਟਲ ਵਿੱਚ ਸਫਲਤਾਪੂਰਵਕ ਸੰਪੰਨ ਹੋਈ। ਇਸ ਵਰਕਸ਼ਾਪ ਵਿੱਚ ਦੇਸ਼ ਭਰ ਦੇ 15 ਤੋਂ ਵੱਧ ਸੂਬਿਆਂ ਵਿੱਚੋਂ ਚੁਣੇ ਹੋਏ ਡੈਲੀਗੇਟ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੋ ਰੋਜ਼ਾ ਵਰਕਸ਼ਾਪ ਦੀ ਪ੍ਰਧਾਨਗੀ ਸੋਸ਼ਲ ਮੀਡੀਆ ਸਬ-ਕਮੇਟੀ ਦੇ ਕਨਵੀਨਰ ਹਰੀਸ਼ ਬਾਲਾ ਨੇ ਕੀਤੀ। ਇਸ ਮੌਕੇ ਉਹਨਾ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਰੋਸ਼ਨ ਕੁਮਾਰ ਸਿਨ੍ਹਾ, ਸਬ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਛਾਂਗਾ ਰਾਏ, ਗੌਤਮ ਦਾਸ ਪੱਛਮੀ ਬੰਗਾਲ ਅਤੇ ਰਘੂਨੰਦਨ ਸੋਨੀ ਛੱਤੀਸਗੜ੍ਹ ਆਦਿ ਹਾਜ਼ਰ ਸਨ।ਵਰਕਸ਼ਾਪ ਦੇ ਪਹਿਲੇ ਦਿਨ ਸਭ ਤੋਂ ਪਹਿਲਾਂ ਸਰਬ ਭਾਰਤ ਨੌਜਵਾਨ ਸਭਾ ਗੁਜਰਾਤ ਇਕਾਈ ਦੇ ਸੂਬਾ ਸਕੱਤਰ ਸਾਥੀ ਹਿਮਾਂਸ਼ੂ ਡਰੋਗੇ ਨੇ ਆਏ ਹੋਏ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਉਹਨਾ ਤੋਂ ਬਾਅਦ ਗੁਜਰਾਤ ਏਟਕ ਦੇ ਸਾਬਕਾ ਸਕੱਤਰ ਰਾਜ ਕੁਮਾਰ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾ ਨਾਲ ਸਰਬ ਭਾਰਤ ਨੌਜਵਾਨ ਸਭਾ ਗੁਜਰਾਤ ਦੇ ਸੂਬਾ ਪ੍ਰਧਾਨ ਅਮਿਤ ਸੋਨੀ, ਸਾਬਕਾ ਪ੍ਰਧਾਨ ਜੀ ਐੱਸ ਪਿਲੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਵਰਕਸ਼ਾਪ ਵਿੱਚ ਪੰਜਾਬ ਦੀ ਸੋਸ਼ਲ ਮੀਡੀਆ ਕਮੇਟੀ ਦੇ ਇੰਚਾਰਜ ਵਿਸ਼ਾਲ ਵਲਟੋਹਾ ਦੀ ਅਗਵਾਈ ਵਿੱਚ ਰਾਹੁਲ ਗਰਗ, ਚਰਨਜੀਤ ਛਾਂਗਾ ਰਾਏ ਅਤੇ ਸੋਨੀਆ ਮੋਹਕਮਪੁਰਾ ਨੇ ਸ਼ਮੂਲੀਅਤ ਕੀਤੀ। ਇਹਨਾਂ ਦੋ ਦਿਨਾ ਦੌਰਾਨ ਵਰਕਸ਼ਾਪ ਦੇ ਮੁੱਖ ਬੁਲਾਰੇ ਅਤੇ ਟ੍ਰੇਨਰ ਕਪਿਲ ਸੁਰਵਾਰੁਮ ਨੇ ਸੋਸ਼ਲ ਮੀਡੀਆ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਰਥਿਕ ਅਤੇ ਰਾਜਨੀਤਿਕ ਪ੍ਰਭਾਵ, ਹਰੀਸ਼ ਬਾਲਾ ਨੇ ਇਸ਼ਤਿਹਾਰ ਡਿਜ਼ਾਈਨ ਕਰਨਾ, ਪੰਜਾਬ ਤੋਂ ਰਾਹੁਲ ਗਰਗ ਨੇ ਰੀਲ ਬਣਾਉਣਾ, ਤੇਲੰਗਾਨਾ ਤੋਂ ਸ਼੍ਰੀਮਨ ਨੇ ਫੇਸਬੁਕ ਅਤੇ ਯੂਟਿਊਬ ‘ਤੇ ਲਾਈਵ ਕਰਨਾ ਅਤੇ ਐਡਵੋਕੇਟ ਸੁਭਾਸ਼ ਨੇ ਡਿਜੀਟਲ ਅਧਿਕਾਰਾਂ ਦੀ ਵਰਤੋਂ ਅਤੇ ਸਾਵਧਾਨੀ ਵਿਸ਼ੇ ‘ਤੇ ਬੜੀ ਡੂੰਘਾਈ ਨਾਲ ਚਰਚਾ ਕੀਤੀ ਅਤੇ ਸਿਖਾਇਆ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਕਪਿਲ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਇਕ ਵੱਡੀ ਰਾਜਨੀਤਕ ਅਤੇ ਸਮਾਜਿਕ ਤਾਕਤ ਬਣ ਕਰ ਉਭਰ ਰਿਹਾ ਹੈ ਅਤੇ ਇਹਦੀ ਸੁਚੱਜੀ ਵਰਤੋਂ ਸਮਾਜਕ ਤਬਦੀਲੀ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਹਨਾ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਦੀ ਸਫਲਤਾ ਦਾ ਜਿਉਂਦਾ ਪ੍ਰਮਾਣ ਹੈ।ਰਾਹੁਲ ਗਰਗ ਨੇ ਨੌਜਵਾਨਾਂ ਨੂੰ ਰੀਲ੍ਹ ਬਣਾਉਣ ਦੀ ਟ੍ਰੇਨਿੰਗ ਦਿੰਦਿਆਂ ਕਿਹਾ ਕਿ ਇਸ ਦੀ ਵਰਤੋਂ ਨਾਲ ਅਸੀਂ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੇ ਵਿਚਾਰਾਂ ਨੂੰ ਫੈਲਾ ਸਕਦੇ ਹਾਂ ਅਤੇ ਇਸ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਦੀ ਸੰਭਾਵਨਾ ਰਹਿੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਇਹਨਾਂ ਰੀਲ੍ਹਾਂ ਨੂੰ ਬੇਹੱਦ ਪਸੰਦ ਕਰਦੀ ਅਤੇ ਪ੍ਰਭਾਵਿਤ ਹੁੰਦੀ ਹੈ। ਨੌਜਵਾਨਾਂ ਨੂੰ ਆਪਣੇ ਡਿਜੀਟਲ ਅਧਿਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸੁਭਾਸ਼ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਹਰ ਇਨਸਾਨ ਨੂੰ ਆਪਣੇ ਡਿਜੀਟਲ ਅਧਿਕਾਰਾਂ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ, ਕਿਉਕਿ ਇਸ ਪਲੇਟਫਾਰਮ ‘ਤੇ ਜੁਰਮ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਹਨਾਂ ਨੌਜਵਾਨਾਂ ਨੂੰ ਦੱਸਿਆ ਕਿ ਕਿਵੇਂ ਅਸੀਂ ਇਹਨਾਂ ਪ੍ਰਤੀ ਜਾਗਰੂਕ ਹੋ ਕਿ ਬਿਨਾਂ ਕਿਸੇ ਰੁਕਾਵਟ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣੇ ਵਿਚਾਰਾਂ ਨੂੰ ਪ੍ਰਚਾਰ ਸਕਦੇ ਹਾਂ।ਇਸ ਮੌਕੇ ਕਪਿਲ ਵੱਲੋਂ ਥੋੜ੍ਹੇ ਸਮੇਂ ਵਿੱਚ ਤਿਆਰ ਸਰਬ ਭਾਰਤ ਨੌਜਵਾਨ ਸਭਾ ਦੀ ਵੈੱਬਸਾਈਟ www.aiyf.in ਨੂੰ ਰੋਸ਼ਨ ਕੁਮਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਲਾਂਚ ਕੀਤਾ ਗਿਆ। ਇਸ ਮੌਕੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਸੂਬਿਆਂ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਵੈਬੀਨਰ ਕਰਨ ਦਾ ਐਲਾਨ ਵੀ ਕੀਤਾ ਗਿਆ। ਗੁਜਰਾਤ ਦੇ ਸਾਥੀਆਂ ਵੱਲੋਂ ਪੂਰੇ ਪ੍ਰੋਗਰਾਮ ਦਾ ਬਹੁਤ ਬਾਖੂਬੀ ਪ੍ਰਬੰਧ ਕੀਤਾ ਗਿਆ।