ਦੇਹਰਾਦੂਨ (ਨ ਜ਼ ਸ)-ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਕੁਝ ਨਿਹੰਗ ਸਿੰਘ ਸ਼ਰਧਾਲੂਆਂ ਵੱਲੋਂ ਹੰਗਾਮਾ ਕਰਨ ਅਤੇ ਪ੍ਰਬੰਧਕ ਨੂੰ ਬੰਧਕ ਬਣਾ ਕੇ ਗੁਰਦੁਆਰੇ ਦੀ ਛੱਤ ‘ਤੇ ਚੜ੍ਹਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਮੁਤਾਬਕ ਇਹ ਘਟਨਾ ਸਨਿੱਚਰਵਾਰ ਵਾਪਰੀ, ਜਿੱਥੇ ਨਿਹੰਗ 16 ਜੂਨ ਨੂੰ ਕਰਨਪ੍ਰਯਾਗ ਬਾਜ਼ਾਰ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਆਪਣੇ ਸਾਥੀਆਂ ਨੂੰ ਛੱਡਣ ਦੀ ਮੰਗ ਕਰ ਰਹੇ ਸਨ। ਨਿਹੰਗ ਸਿੰਘਾਂ ਕੋਲ ਰਵਾਇਤੀ ਸ਼ਸਤਰ ਜਿਵੇਂ ਭਾਲੇ, ਤਲਵਾਰਾਂ, ਕੁਹਾੜੀਆਂ ਅਤੇ ਕਿਰਪਾਨਾਂ ਹਨ। ਮੌਕੇ ‘ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। 16 ਜੂਨ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਕੁਝ ਨਿਹੰਗ ਸਿੰਘਾਂ ਦਾ ਕਰਨਪ੍ਰਯਾਗ ਬਾਜ਼ਾਰ ਵਿੱਚ ਕ੍ਰਿਸ਼ਨਾ ਪੈਲੇਸ ਹੋਟਲ ਦੇ ਕੋਲ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਹੋਈ ਝੜਪ ਵਿੱਚ ਚਾਰ ਸਥਾਨਕ ਲੋਕ ਅਤੇ ਇੱਕ ਸਿੱਖ ਸ਼ਰਧਾਲੂ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਸ ਨੇ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਚਾਰ ਸਿੱਖ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦੀ ਇਸ ਕਾਰਵਾਈ ਨੂੰ ਇਕਤਰਫ਼ਾ ਦੱਸਦਿਆਂ ਪੰਜਾਬ ਤੋਂ ਆਏ ਕੁਝ ਹੋਰ ਨਿਹੰਗਾਂ ਨੇ ਐਤਵਾਰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਲਈ ਉਨ੍ਹਾਂ ਨਗਰਾਸੂ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਸਹਿਯੋਗ ਮੰਗਿਆ ਸੀ। ਜਦੋਂ ਉਮੀਦ ਮੁਤਾਬਕ ਸਹਿਯੋਗ ਨਾ ਮਿਲਿਆ ਤਾਂ ਨਿਹੰਗਾਂ ਨੇ ਹੰਗਾਮਾ ਕਰ ਦਿੱਤਾ।





