ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਰਜਿ 24, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ), ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਕੁਲਵਿੰਦਰ ਸਿੰਘ ਢਿੱਲੋਂ ਅਤੇ ਗੁਰਵੇਲ ਸਿੰਘ ਬੱਲਪੁਰੀਆ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਦੇ ਵਿੱਤੀ ਮਸਲੇ ਜਿਵੇਂ ਕਿ 17-07-20 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਮਿਤੀ 17-11-21 ਤੋਂ ਬਾਅਦ ਤਰੱਕੀ ਹੋਏ ਕਰਮਚਾਰੀਆਂ ਨੂੰ ਪੇ ਬੈਂਡ ਦਾ ਲਾਭ ਦੇਣ, ਜੇ ਈ ਕੈਟਾਗਰੀ ਉਪਰ ਵਿੱਤ ਸਰਕੂਲਰ 10/16 ਲਾਗੂ ਕਰਨ, ਗਰੁੱਪ ਨੰ: 13 ਅਤੇ ਅਗਲੇ ਗਰੁੱਪਾਂ ਦੀਆਂ ਕੈਟਾਗਰੀਆਂ ਦੀ ਮੁੱਢਲੀ ਤਨਖਾਹ, ਕੰਟੀਜੈਂਸੀ ਵਾਲੇ ਕਾਮਿਆਂ ਦੇ ਤਨਖਾਹ ਆਦਿ ਮਸਲਿਆਂ ਸੰਬੰਧੀ ਵਿੱਤ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਬਣੀ ਸਹਿਮਤੀ ਲਾਗੂ ਨਾ ਕਰਨ ਲਈ ਬਿਜਲੀ ਮੰਤਰੀ ਅਤੇ ਪਾਵਰ ਮੈਨੇਜਮੈਂਟ ਦੀ ਜੋਰਦਾਰ ਨਿੰਦਾ ਕੀਤੀ ਗਈ । ਸੋਲੇਸ਼ੀਅਮ ਪਾਲਿਸੀ ਵਾਲੇ ਕੇਸ ਵਿੱਚ ਲਗਾਇਆ 12 ਪ੍ਰਤੀਸ਼ਤ ਵਿਆਜ਼ ਮੁਆਫ ਕਰਨ ਅਤੇ ਪਾਲਿਸੀ ਨਾਲ ਸਬੰਧਤ ਹੋਰ ਮਸਲੇ ਕੈਬਨਿਟ ਤੋਂ ਪਾਸ ਕਰਵਾਉਣ ਦੀ ਹੋਈ ਸਹਿਮਤੀ ਲਾਗੂ ਨਾ ਕਰਨ ਅਤੇ ਹੋਰ ਅਹਿਮ ਮੰਗਾਂ ਜਿਵੇਂ ਕਿ ਨਵੀਂ ਭਰਤੀ, ਗਰਿੱਡ ਸਟਾਫ ਨਾਲ ਸੰਬੰਧਤ ਮਸਲੇ, ਕੰਟਰੈਕਟ ਪੀਰੀਅਡ ਦਾ ਸੇਵਾ ਲਾਭ, ਦਰਜਾ ਚਾਰ ਤੋਂ ਕਲਰਕ ਦੀ ਤਰੱਕੀ ਸਮੇਤ ਸਾਰੀਆਂ ਕੈਟਾਗਰੀਆਂ ਦੀਆਂ ਤਰੱਕੀਆਂ ਸਮੇਤ ਹੋਰ ਮਸਲੇ ਹੱਲ ਕਰਨ ਦੀ ਸਹਿਮਤੀ ਲਾਗੂ ਨਾ ਕਰਨ 11 ਜੂਨ ਦੀ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਦੇ ਮਿੰਟਸ ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਵਿਰੁੱਧ ਜਾਰੀ ਕਰਨ ਅਤੇ 25 ਮਈ ਦੀ ਸੀ ਐੱਮ ਡੀ ਨਾਲ ਹੋਈ ਮੀਟਿੰਗ ਦੇ ਮਿੰਟਸ ਜਾਰੀ ਨਾਂਅ ਕਰਨ ਦੇ ਰੋਸ ਵਜੋਂ 28 ਜੂਨ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਧਰਨਾ ਤੇ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਸਾਂਝੇ ਥੜ੍ਹੇ ਦੇ ਆਗੂਆਂ ਹਰਪਾਲ ਸਿੰਘ, ਰਾਕੇਸ਼ ਸੈਣੀ, ਹਰਜੀਤ ਸਿੰਘ ਔਲਖ, ਨਿਰਮਲ ਸਿੰਘ ਹੁਸ਼ਿਆਰਪੁਰ, ਰਵੇਲ ਸਿੰਘ ਸਹਾਏਪੁਰ, ਕਰਮਜੀਤ ਸਿੰਘ, ਜਸਵੀਰ ਸਿੰਘ ਆਂਡਲੂ, ਇੰਜ. ਰਣਜੀਤ ਸਿੰਘ ਢਿੱਲੋਂ, ਕੌਰ ਸਿੰਘ ਸੋਹੀ, ਦਲੀਪ ਕੁਮਾਰ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ, ਹਰਵਿੰਦਰ ਸਿੰਘ ਆਦਿ ਨੇ ਕਿਹਾ ਕਿ 11 ਜੂਨ ਨੂੰ ਬਿਜਲੀ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪਾਵਰ ਮੈਨੇਜਮੈਂਟ ਨਾਲ ਸੁਖਾਵੇਂ ਮਾਹੌਲ ਵਿੱਚ ਖੰਨਾ ਵਿਖੇ ਹੋਈ ਮੀਟਿੰਗ ਸਮੇਂ ਬਣੀਆਂ ਸਹਿਮਤੀਆਂ ਕਰਕੇ ਜਥੇਬੰਦੀਆਂ ਵੱਲੋਂ 14 ਜੂਨ ਦਾ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਧਰਨੇ ਦਾ ਸੰਘਰਸ਼ ਅਤੇ ਦੋ ਰੋਜ਼ਾ ਹੜਤਾਲ ਦਾ ਸੰਘਰਸ਼ ਮੁਲਤਵੀ ਕੀਤਾ ਗਿਆ ਸੀ, ਪ੍ਰੰਤੂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਣ ਤੱਕ ਪਾਵਰ ਮੈਨੇਜਮੈਂਟ ਵਲੋਂ ਨਾ ਤਾਂ ਕੀਤੀਆਂ ਸਹਿਮਤੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਨਾਂ ਹੀ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਵਾਈ ਗਈ ਹੈ, ਜਿਸ ਕਰਕੇ ਜਥੇਬੰਦੀਆਂ ਨੂੰ ਮਜਬੂਰਨ 28 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਧਰਨਾ ਲਗਾ ਕੇ 1 ਜੁਲਾਈ ਤੋਂ ਵਰਕ-ਟੂ-ਰੂਲ ਅਨੁਸਾਰ ਸਿਰਫ ਬਣਦੀਆਂ ਡਿਊਟੀਆਂ ਕਰਨ ਅਤੇ ਜੁਲਾਈ ਦੇ ਤੀਸਰੇ ਹਫਤੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ।ਇਸ ਤੋਂ ਇਲਾਵਾ ਸਮੂਹਿਕ ਛੁੱਟੀ ਵੇਲੇ ਪੈਨਸ਼ਨਰ ਜਥੇਬੰਦੀਆਂ ਦੇ ਵਰਕਰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਆਪਣੇ ਆਪ ਨੂੰ ਗਿਰਫਤਾਰੀਆਂ ਲਈ ਪੇਸ਼ ਕਰਨਗੇ।
ਮੀਟਿੰਗ ਵਿੱਚ ਪਾਵਰਕਾਮ ਵੱਲੋਂ ਧੱਕੇਸ਼ਾਹੀ ਨਾਲ ਮੋਬਾਇਲ ਫੋਨ ਬਿਜਲੀ ਕਾਮਿਆਂ ਉਪਰ ਥੋਪਣ ਦੀ ਨੀਤੀ ਦਾ ਵੀ ਵਿਰੋਧ ਕੀਤਾ ਗਿਆ। ਆਗੂਆਂ ਦੱਸਿਆ ਕਿ ਅਦਾਰੇ ਵਿੱਚ 45000 ਹਜ਼ਾਰ ਦੇ ਕਰੀਬ ਅਸਾਮੀਆਂ ਖਾਲ੍ਹੀ ਹੋਣ, ਮੁੱਢਲੀ ਸੇਫਟੀ ਕਿੱਟ, ਲੋੜੀਂਦੇ ਉਪਕਰਨਾਂ ਦੀ ਕਮੀ ਦੇ ਬਾਵਜੂਦ ਬਿਜਲੀ ਕਾਮੇ 24 ਘੰਟੇ ਕੰਮ ਕਰਕੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾ ਰਹੇ ਹਨ, ਫਿਰ ਵੀ ਇਹਨਾਂ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਪੈਸਕੋ, ਨੋਡਲ ਕੰਪਲੇਂਟ ਸੈਂਟਰ, ਥਰਮਲਾਂ ਸਮੇਤ ਹੋਰ ਠੇਕੇ ਤੇ ਰੱਖੇ ਕਾਮਿਆਂ ਨੂੰ ਵੀ ਮਹਿਕਮੇ ਅੰਦਰ ਲੈ ਕੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਅਤੇ ਉਹਨਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਗਈ। ਮੀਟਿੰਗ ਵਿੱਚ 2600 ਦੇ ਕਰੀਬ ਅਪ੍ਰੈਂਟਸਿਪ ਕਰ ਰਹੇ ਸਿਖਿਆਰਥੀਆਂ ਨਾਲ ਇਨਸਾਫ ਕਰਦੇ ਹੋਏ ਅਦਾਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖ਼ਾਲੀ ਪਈਆਂ ਅਸਾਮੀਆਂ ਨਵੀਂ ਰੈਗੂਲਰ ਭਰਤੀ ਰਾਹੀਂ ਭਰਨ ਦੀ ਜੋਰਦਾਰ ਮੰਗ ਕੀਤੀ।ਮੀਟਿੰਗ ਵਿੱਚ ਫੈਸਲਾ ਵੀ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀ ਵਿਰੁੱਧ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ‘ਤੇ 17 ਜੁਲਾਈ ਦੀ ਮਹਾਂ ਰੈਲੀ ਵਿੱਚ ਜਥੇਬੰਦੀ ਵਲੋਂ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਤਰਲੋਚਨ ਸਿੰਘ, ਰਘਬੀਰ ਸਿੰਘ, ਇੰਜ. ਹਰਮਨਦੀਪ, ਪ੍ਰਦੀਪ ਕੁਮਾਰ, ਵਰਿੰਦਰਪਾਲ ਸਿੰਘ, ਚਮਕੌਰ ਸਿੰਘ ਆਦਿ ਨੇ ਵਿਚਾਰ ਪੇਸ਼ ਕਰਦਿਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਕਾਮਯਾਬ ਕਰਨ ਦਾ ਅਹਿਦ ਲਿਆ।


