ਨਿਹੰਗਾਂ ਤੇ ਉੱਤਰਾਖੰਡ ਪ੍ਰਸ਼ਾਸਨ ਵਿਚਾਲੇ ਡੈੱਡਲਾਕ ਜਾਰੀ

0
10

ਦੇਹਰਾਦੂਨ (ਨ ਜ਼ ਸ)-ਉੱਤਰਾਖੰਡ ਦੇ ਰੁਦ੍ਰਪ੍ਰਯਾਗ ਜ਼ਿਲ੍ਹੇ ਵਿੱਚ ਬਦਰੀਨਾਥ ਹਾਈਵੇ ‘ਤੇ ਸਥਿਤ ਗੁਰਦੁਆਰਾ ਲੰਗਰ ਦਮਦਮਾ ਸਾਹਿਬ, ਨਗਰਾਸੂ ਦੀ ਛੱਤ ‘ਤੇ ਡੇਰੇ ਲਾਈ ਬੈਠੇ ਨਿਹੰਗ ਸਿੰਘਾਂ ਦੇ ਇੱਕ ਜਥੇ ਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਪੈਦਾ ਹੋਇਆ ਡੈੱਡਲਾਕ ਜਾਰੀ ਸੀ। ਨਿਹੰਗ ਸਿੰਘ 16 ਜੂਨ ਨੂੰ ਕਰਨਪ੍ਰਯਾਗ ਵਿਖੇ ਸਥਾਨਕ ਵਪਾਰੀਆਂ ਨਾਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਆਪਣੇ ਚਾਰ ਸਾਥੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ। ਝਗੜੇ ਵਿੱਚ ਇੱਕ ਸਿੱਖ ਸ਼ਰਧਾਲੂ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਪੁਲਸ ਨੇ ਚਾਰ ਨਿਹੰਗਾਂ ਖਿਲਾਫ ਇਰਾਦਾ-ਏ-ਕਤਲ (ਧਾਰਾ 307) ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ।
ਇਸ ਸਾਰੇ ਘਟਨਾਕ੍ਰਮ ਦੌਰਾਨ ਸ਼ਰਧਾਲੂਆਂ ਨੂੰ ਬੰਧਕ ਬਣਾਉਣ ਦੀਆਂ ਅਫਵਾਹਾਂ ਦੇ ਵਿਚਕਾਰ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵੱਖ-ਵੱਖ ਦਾਅਵੇ ਸਾਹਮਣੇ ਆ ਰਹੇ ਹਨ। ਸੋਮਵਾਰ ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਲ ਮਿਸ਼ਰਾ ਨੇ ਬੰਧਕ ਬਣਾਉਣ ਜਾਂ ਗੁਰਦੁਆਰੇ ‘ਤੇ ਕਬਜ਼ਾ ਕਰਨ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨਾ ਕਿਹਾ ਕਿ ਗੁਰਦੁਆਰੇ ਵਿੱਚ ਧਾਰਮਕ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀਆਂ ਹਨ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪ੍ਰਬੰਧਕ ਬਾਬਾ ਬੇਅੰਤ ਸਿੰਘ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਜੱਥਾ 20 ਜੂਨ ਨੂੰ ਇੱਥੇ ਪੁੱਜਾ ਸੀ ਅਤੇ ਆਉਂਦਿਆਂ ਹੀ ਸੇਵਾਦਾਰਾਂ ਨਾਲ ਬਦਸਲੂਕੀ ਕੀਤੀ। ਉਨ੍ਹਾ ਦੋਸ਼ ਲਾਇਆ ਕਿ ਜਦੋਂ ਨਿਹੰਗਾਂ ਨੇ ਬਾਹਰ ਪੁਲਸ ਦੇਖੀ ਤਾਂ ਗ੍ਰਿਫਤਾਰੀ ਦੇ ਡਰੋਂ ਪੰਜਵੀਂ ਮੰਜ਼ਲ ‘ਤੇ ਜਾ ਕੇ ਅੰਦਰੋਂ ਰਸਤਾ ਬੰਦ ਕਰ ਲਿਆ ਅਤੇ ਉੱਥੋਂ ਪੁਲਸ ਤੇ ਬਾਹਰ ਖੜ੍ਹੇ ਲੋਕਾਂ ‘ਤੇ ਪੱਥਰਬਾਜ਼ੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਗੁਰਦੁਆਰੇ ਦੇ ਸੋਲਰ ਪੈਨਲ ਤੋੜ ਦਿੱਤੇ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਤ ਕੀਤੀ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਪੂਰੇ ਮਾਮਲੇ ਦੇ ਚਸ਼ਮਦੀਦ ਅਤੇ ਸਥਾਨਕ ਸਮਾਜਕ ਕਾਰਕੁਨ ਤ੍ਰਿਭੁਵਨ ਚੌਹਾਨ ਨੇ ਦੱਸਿਆ ਕਿ ਨਿਹੰਗ ਸਿੰਘਾਂ ਨੇ ਕੁਝ ਲੋਕਾਂ ਨੂੰ ਆਪਣੇ ਕੋਲ ਰੋਕਿਆ ਸੀ, ਪਰ ਹੁਣ ਉਨ੍ਹਾਂ ਨੂੰ ਮੁਕਤ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਬੰਧਕ ਨਹੀਂ ਹੈ। ਹਾਲਾਂਕਿ, ਨਿਹੰਗ ਸਿੰਘ ਅਜੇ ਵੀ ਇਮਾਰਤ ਦੀਆਂ ਉੱਪਰਲੀਆਂ ਮੰਜ਼ਲਾਂ ‘ਤੇ ਡਟੇ ਹੋਏ ਹਨ, ਜਿਸ ਕਾਰਨ ਗੁਰਦੁਆਰਾ ਪ੍ਰਬੰਧਕਾਂ ਅਤੇ ਉਨ੍ਹਾਂ ਵਿਚਾਲੇ ਵਿਵਾਦ ਅਜੇ ਸੁਲਝਿਆ ਨਹੀਂ। ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਭਾਰੀ ਪੁਲਸ ਫੋਰਸ ਅਤੇ ਪੈਰਾਮਿਲਟਰੀ ਫੋਰਸ ਤਾਇਨਾਤ ਹੈ, ਜਿਨ੍ਹਾਂ ਦੀ ਸੁਰੱਖਿਆ ਘੇਰੇ ਹੇਠ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ, ਨਿਤਨੇਮ ਦੀ ਅਰਦਾਸ ਅਤੇ ਲੰਗਰ ਸੇਵਾ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਚੱਲ ਰਹੀ ਹੈ। ਵਿਵਾਦ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ‘ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਹਾਲਾਤ ਨੂੰ ਜਲਦ ਤੋਂ ਜਲਦ ਸ਼ਾਂਤ ਕਰਨ ਤੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਦੋਵਾਂ ਸੂਬਿਆਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ‘ਤੇ ਖਾਸ ਜ਼ੋਰ ਦਿੱਤਾ।
ਮਾਨ ਨੇ ਉੱਤਰਾਖੰਡ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਦੋਵਾਂ ਪੱਖਾਂ ਦੀ ਗੱਲ ਨੂੰ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਸੁਣਿਆ ਜਾਵੇ। ਕੋਈ ਵੀ ਪ੍ਰਸ਼ਾਸਨਕ ਜਾਂ ਕਾਨੂੰਨੀ ਫੈਸਲਾ ਲੈਣ ਤੋਂ ਪਹਿਲਾਂ ਦੋਵਾਂ ਧਿਰਾਂ ਦਾ ਪੱਖ ਸੁਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਅਸਲ ਇਨਸਾਫ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਪੂਰੇ ਘਟਨਾਕ੍ਰਮ ਦਾ ਸਿਰਫ ਤੇ ਸਿਰਫ ਸ਼ਾਂਤੀਪੂਰਨ ਹੱਲ ਕੱਢਣਾ ਜ਼ਰੂਰੀ ਹੈ, ਤਾਂ ਜੋ ਪਹਾੜੀ ਇਲਾਕੇ ਵਿੱਚ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਅਤੇ ਅਮਨ ਨੂੰ ਕੋਈ ਵੀ ਠੇਸ ਨਾ ਪਹੁੰਚੇ। ਮਾਨ ਨੇ ਉੱਤਰਾਖੰਡ ਵਿੱਚ ਰਹਿ ਰਹੀ ਸਥਾਨਕ ਸਿੱਖ ਸੰਗਤ ਅਤੇ ਪੰਜਾਬ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਪੂਰੀ ਤਰ੍ਹਾਂ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਕਿ ਮੌਜੂਦਾ ਸਥਿਤੀ ਨੂੰ ਬਹੁਤ ਹੀ ਸੰਜਮ, ਸੂਝ-ਬੂਝ ਅਤੇ ਸ਼ਾਂਤੀ ਨਾਲ ਲਿਆ ਜਾਵੇ। ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਅਤੇ ਸਿੱਖ ਸੰਗਤ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਔਖੀ ਘੜੀ ਜਾਂ ਮੁਸ਼ਕਲ ਹਾਲਾਤ ਵਿੱਚ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੈ।