ਦੋ ਨਹਿਰਾਂ ‘ਚ ਪਏ ਪਾੜਾਂ ਨੇ ਮਚਾਈ ਤਬਾਹੀ

0
11

ਗੁਰਦਾਸਪੁਰ (ਨ ਜ਼ ਸ)
ਕਾਹਨੂੰਵਾਨ ਨੇੜਲੇ ਇਲਾਕੇ ਵਿੱਚ ਸਠਿਆਲੀ ਹੈੱਡ ਵਰਕਸ ਕੋਲੋਂ ਲੰਘਦੀ ‘ਅੱਪਰ ਬਾਰੀ ਦੁਆਬ’ ਨਹਿਰ ਵਿੱਚ ਐਤਵਾਰ ਦੇਰ ਰਾਤ ਅਚਾਨਕ ਕਰੀਬ 40 ਫੁੱਟ ਦਾ ਵੱਡਾ ਪਾੜ ਪੈਣ ਕਾਰਨ ਅੱਧੀ ਦਰਜਨ ਪਿੰਡਾਂ, ਰਿਹਾਇਸ਼ੀ ਇਲਾਕਿਆਂ, ਘਰਾਂ ਅਤੇ ਸੈਂਕੜੇ ਏਕੜ ਖੇਤਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਲੋਕਾਂ ਅਤੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ ਹੈ। ਨਹਿਰੀ ਰੈੱਸਟ ਹਾਊਸ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਅਨੁਸਾਰ ਤੜਕਸਾਰ ਕਰੀਬ 3 ਵਜੇ ਅਚਾਨਕ ਉਨ੍ਹਾਂ ਦੇ ਕਮਰਿਆਂ ਵਿੱਚ ਤੇਜ਼ੀ ਨਾਲ ਪਾਣੀ ਦਾਖਲ ਹੋਣ ਲੱਗਾ। ਨਹਿਰ ਦਾ ਤੇਜ਼ ਪਾਣੀ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮੁੱਖ ਮਾਰਗ ਨੂੰ ਪਾਰ ਕਰਦਾ ਹੋਇਆ ਸਿੱਧਾ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ, ਜਿਸ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਸਥਾਨਕ ਵਸਨੀਕਾਂ ਤਰਸੇਮ ਸਿੰਘ, ਸੁਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਘਰਾਂ ਵਿੱਚ ਕਈ-ਕਈ ਫੁੱਟ ਪਾਣੀ ਭਰਨ ਕਾਰਨ ਸਾਲ ਭਰ ਲਈ ਰੱਖੀ ਕਣਕ, ਘਰੇਲੂ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਲੱਖਾਂ ਰੁਪਏ ਖਰਚ ਕੇ ਲਗਾਈ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਾਣੀ ਹੇਠ ਡੁੱਬ ਗਈ ਹੈ, ਜਿਸ ਦੇ ਬਚਣ ਦੀ ਹੁਣ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕੋਲ ਦੁਬਾਰਾ ਝੋਨਾ ਲਗਾਉਣ ਲਈ ਨਾ ਤਾਂ ਪਨੀਰੀ ਬਚੀ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਮਦਦ ਮਿਲੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਵੇ। ਤਰਨ ਤਾਰਨ ਦੀ ਰਿਪੋਰਟ ਹੈ ਕਿ ਅਪਰ ਬਾਰੀ ਦੁਆਬ ਨਹਿਰ ਵਿੱਚ ਰਸੂਲਪੁਰ ਦੇ ਨੇੜੇ ਐਤਵਾਰ ਪਿਆ 20 ਫੁੱਟ ਦਾ ਪਾੜ ਵਧ ਕੇ 45 ਫੁੱਟ ਦਾ ਹੋ ਗਿਆ ਹੈ ਅਤੇ ਪਿੰਡ ਚੁਤਾਲਾ, ਰਸੂਲਪੁਰ, ਰੂੜੇਆਸਲ, ਅਲਾਦੀਨਪੁਰ ਅਤੇ ਪਿੱਦੀ ਆਦਿ ਪਿੰਡਾਂ ਦੀ ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਵੱਲ ਵਧ ਰਿਹਾ ਹੈ।