ਡਾ. ਜੌਹਲ ਦਾ ਭਾਜਪਾ ਪ੍ਰਧਾਨ ਨੂੰ ਮੁਫਤਖੋਰੀ ਕਲਚਰ ਖਤਮ ਕਰਨ ਦਾ ਮਸ਼ਵਰਾ

0
8

ਲੁਧਿਆਣਾ (ਨ ਜ਼ ਸ)
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਸੋਮਵਾਰ ਇੱਥੇ ਉੱਘੇ ਖੇਤੀਬਾੜੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਮਿਲੇ। ਸੰਖੇਪ ਮਿਲਣੀ ਦੌਰਾਨ ਡਾ. ਜੌਹਲ ਨੇ ਪੰਜਾਬ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਲਈ ਭਾਜਪਾ ਪ੍ਰਧਾਨ ਨੂੰ ਮਸ਼ਵਰੇ ਦਿੱਤੇ। ਮਿਲਣੀ ਮਗਰੋਂ ਡਾ. ਜੌਹਲ ਨੇ ਕਿਹਾ ਕਿ ਮੁਫਤਖੋਰੀ ਦੇ ਕਲਚਰ ਨੇ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਾ ਦਿੱਤਾ ਹੈ ਅਤੇ ਲੋਕਾਂ ਦੇ ਟੈਕਸ ਦਾ ਪੈਸਾ ਮੁਫਤਖੋਰੀ ਦੇ ਲੇਖੇ ਲੱਗ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ। ਜੌਹਲ ਨੇ ਦੱਸਿਆ ਕਿ ਉਨ੍ਹਾ ਭਾਜਪਾ ਪ੍ਰਧਾਨ ਨੂੰ ਸਾਫ ਕਿਹਾ ਕਿ ਜੇ ਭਾਜਪਾ ਵਿੱਚ ਹਿੰਮਤ ਹੈ ਤਾਂ ਮੁਫਤਖੋਰੀ ਨੂੰ ਪੰਜਾਬ ਵਿੱਚੋਂ ਬੰਦ ਕਰੇ। ਜੇ ਉਹ ਵੀ ਮੁਫਤਖੋਰੀ ਦੇ ਏਜੰਡੇ ‘ਤੇ ਚੱਲੇਗੀ ਤਾਂ ਫਿਰ ਸਿਆਸੀ ਹਮਾਮ ਵਿੱਚ ਸਭ ਇੱਕੋ ਜਿਹੇ ਵਾਲੀ ਗੱਲ ਹੋਵੇਗੀ। ਜੌਹਲ ਨੇ ਕਿਹਾ ਕਿ ਮੁਫਤਖੋਰੀ ਨੂੰ ਰੋਕੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾ ਕਿਹਾ ਕਿ ਪੰਜਾਬੀਆਂ ਦੇ ਸਵੈਮਾਣ ਨੂੰ ਰੋਲਿਆ ਜਾ ਰਿਹਾ ਹੈ।