ਲੰਡਨ (ਨ ਜ਼ ਸ)-ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਅਚਾਨਕ ਐਲਾਨ ਕਰ ਦਿੱਤਾ। ਉਨ੍ਹਾ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਪ੍ਰਧਾਨ ਮੰਤਰੀ ਸਤੰਬਰ ਤੱਕ ਅਹੁਦਾ ਸੰਭਾਲ ਲਵੇਗਾ। 63 ਸਾਲਾ ਸਟਾਰਮਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ, ਉਹ ਉਦੋਂ ਤੱਕ ਕੇਅਰਟੇਕਰ (ਕਾਰਜਕਾਰੀ) ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।
ਸਟਾਰਮਰ ਨੇ ਕਿਹਾ ਕਿ 9 ਜੁਲਾਈ ਤੋਂ ਨਵੇਂ ਆਗੂ ਲਈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਅਤੇ 17 ਜੁਲਾਈ ਨੂੰ ਸੰਸਦ ਦੇ ਗਰਮੀਆਂ ਦੇ ਸੈਸ਼ਨ ਦੀ ਛੁੱਟੀ ਹੋਣ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾ ਭਰੋਸਾ ਦਿੱਤਾ ਕਿ ਜੇ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਹੈ, ਤਾਂ ਵੀ ਸਤੰਬਰ ਵਿੱਚ ਸੰਸਦ ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਪ੍ਰਧਾਨ ਮੰਤਰੀ ਦੇਸ਼ ਦੀ ਕਮਾਨ ਸੰਭਾਲ ਲਵੇਗਾ। ਜੁਲਾਈ 2024 ਵਿੱਚ ਕੀਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ ਬ੍ਰਿਟੇਨ ਵਿੱਚ ਇਤਿਹਾਸਕ ਅਤੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਸੀ, ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਦੇਸ਼ ਵਿੱਚ ਵਧਦੀ ਮਹਿੰਗਾਈ, ਆਰਥਕ ਮੰਦਹਾਲੀ ਅਤੇ ਕੁਝ ਵਿਵਾਦਤ ਫੈਸਲਿਆਂ ਕਾਰਨ ਉਨ੍ਹਾ ਦੀ ਲੋਕਪ੍ਰਿਅਤਾ ਦਾ ਗ੍ਰਾਫ ਬਹੁਤ ਤੇਜ਼ੀ ਨਾਲ ਹੇਠਾਂ ਡਿੱਗ ਗਿਆ। ਸਟਾਰਮਰ ਦੀ ਲੀਡਰਸ਼ਿਪ ਨੂੰ ਅਸਲ ਖਤਰਾ ਪਿਛਲੇ ਹਫਤੇ ਹੋਈ ‘ਮੇਕਰਫੀਲਡ’ ਦੀ ਅਹਿਮ ਉਪ-ਚੋਣ ਤੋਂ ਬਾਅਦ ਪੈਦਾ ਹੋਇਆ। ਇਸ ਚੋਣ ਵਿੱਚ ਗ੍ਰੇਟਰ ਮੈਨਚੈਸਟਰ ਦੇ ਸਾਬਕਾ ਮੇਅਰ ਐਂਡੀ ਬਰਨਹੈਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਹਾਊਸ ਆਫ ਕਾਮਨਜ਼ (ਬ੍ਰਿਟਿਸ਼ ਸੰਸਦ) ਵਿੱਚ ਵਾਪਸੀ ਕੀਤੀ ਹੈ। ਬਰਨਹੈਮ ਦੀ ਇਸ ਵਾਪਸੀ ਨੇ ਪਾਰਟੀ ਦੇ ਅੰਦਰ ਸਟਾਰਮਰ ਖਿਲਾਫ ਬਗਾਵਤ ਨੂੰ ਤੇਜ਼ ਕਰ ਦਿੱਤਾ ਅਤੇ ਹੁਣ ਐਂਡੀ ਬਰਨਹੈਮ ਨੂੰ ਹੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਹੈ।




