ਜਲੰਧਰ (ਗਿਆਨ ਸੈਦਪੁਰੀ)
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ‘ਚ ਸ਼ਾਮਲ ਪਾਰਟੀਆਂ ਵੱਲੋਂ ਆਰ ਅੱੈਸ ਐੱਸ-ਭਾਜਪਾ ਦੀਆਂ ਫਿਰਕੂ-ਫਾਸ਼ੀਵਾਦੀ ਕੁਚਾਲਾਂ, ਸੰਘ ਪਰਵਾਰ ਦੇ ਖਰੂਦੀ ਟੋਲਿਆਂ ਵੱਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਵਿਰੁੱਧ ਸੋਮਵਾਰ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ‘ਤੇ ਜ਼ੋਰਦਾਰ ਰੈਲੀਆਂ ਤੇ ਜੋਸ਼ੀਲੇ ਰੋਸ ਮੁਜ਼ਾਹਰੇ ਕੀਤੇ ਗਏ। ਰੈਲੀਆਂ-ਮੁਜ਼ਾਹਰਿਆਂ ਦੌਰਾਨ ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂਪੂਰਨ ਹੱਲ ਲੱਭੇ ਜਾਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ‘ਚ ਬੰਦ ਕੀਤੇ ਸਾਰੇ ਸਿਆਸੀ ਆਗੂ, ਮਨੁੱਖੀ ਅਧਿਕਾਰ ਕਾਰਕੁਨ, ਬੁੱਧੀਜੀਵੀ ਤੇ ਆਮ ਨਾਗਰਿਕ ਤੁਰੰਤ ਰਿਹਾਅ ਕੀਤੇ ਜਾਣ। ਇਕੱਠਾਂ ‘ਚ ਸ਼ਾਮਲ ਕਾਰਕੁਨਾਂ ਦੇ ਹੱਥਾਂ ‘ਚ ਲੋਕ ਮਸਲਿਆਂ ਨੂੰ ਉਭਾਰਦੀਆਂ ਤਖ਼ਤੀਆਂ ਅਤੇ ਲਾਲ ਝੰਡੇ ਫੜੇ ਹੋਏ ਸਨ। ਤਖ਼ਤੀਆਂ ਸਿਆਸੀ ਹਿੱਤਾਂ ਤੇ ਫਿਰਕੂ ਏਜੰਡੇ ਦੀ ਪੂਰਤੀ ਲਈ ਨਿਆਂ ਪਾਲਿਕਾ, ਚੋਣ ਕਮਿਸ਼ਨ, ਈ ਡੀ , ਸੀ ਬੀ ਆਈ ਤੇ ਇਨਕਮ ਟੈਕਸ ਵਿਭਾਗ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਲੋਕਾਂ ਦਾ ਧਿਆਨ ਕੇਂਦਰਤ ਕਰ ਰਹੀਆਂ ਸਨ। ਮੁਜ਼ਾਹਰਾਕਾਰੀ ਦੇਸ਼ ਦਾ ਸੰਵਿਧਾਨ ਬਦਲੇ ਬਗੈਰ ਹੀ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਖ਼ਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰ ਰਹੇ ਸਨ।ਵੱਖ-ਵੱਖ ਜ਼ਿਲਿਆਂ ‘ਚ ਇਨ੍ਹਾਂ ਇਕੱਠਾਂ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਐੱਮ ਸੀ ਪੀ ਆਈ (ਯੂ) ਦੀ ਪੋਲਿਟ ਬਿਊਰੋ ਦੇ ਮੈਂਬਰ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਇਹ ਜਾਣਕਾਰੀ ਇਕ ਸਾਂਝੇ ਬਿਆਨ ਰਾਹੀਂ ਉਕਤ ਪਾਰਟੀਆਂ ਦੇ ਸੂਬਾਈ ਆਗੂਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪਰਗਟ ਸਿੰਘ ਜਾਮਾਰਾਏ, ਸੁਖਦਰਸ਼ਨ ਨੱਤ, ਅਜਮੇਰ ਸਿੰਘ ਸਮਰਾ ਤੇ ਕੁਲਦੀਪ ਸਿੰਘ ਕਿਲ੍ਹਾ ਰਾਏਪੁਰ ਨੇ ਦਿੱਤੀ।
ਬੁਲਾਰਿਆਂ ਨੇ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕਰਦਿਆਂ ਚਿਤਾਵਨੀ ਦਿੱਤੀ ਕਿ ਸੰਕਟ ਦਾ ਭੰਨਿਆ ਸਾਮਰਾਜ ਜੰਗਾਂ ਲਾਉਣ ਤੋਂ ਬਾਜ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਪਿੱਠੂ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ ਤੇ ਡਿਪਲੋਮੈਸੀ ਨਾਲ ਸੰਸਾਰ ਦੀਆਂ ਨਜ਼ਰਾਂ ‘ਚ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ। ਦੇਸ਼ ਅੰਦਰ ਲੋਕ ਵਿਰੋਧੀ, ਜਮਹੂਰੀਅਤ ਵਿਰੋਧੀ, ਕਾਰਪੋਰੇਟ ਪ੍ਰਸਤ ਨੀਤੀਆਂ ਲਾਗੂ ਕਰ ਰਹੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਸਾਡੀ ਖੇਤੀ ਤੇ ਪ੍ਰਚੂਨ ਵਪਾਰ ਨੂੰ ਤਬਾਹ ਕਰ ਦੇਣਗੇ। ਦੂਜੇ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ-ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਮੋਦੀ ਸਰਕਾਰ ਦੇ ਪਦਚਿੰਨ੍ਹਾਂ ‘ਤੇ ਚੱਲਦਿਆਂ ਹੱਕੀ ਘੋਲਾਂ ‘ਤੇ ਜ਼ੁਲਮ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਵਿਸ਼ਣੂ ਗਣੇਸ਼ ਪਿੰਗਲੇ, ਬਾਬਾ ਸੋਹਣ ਸਿੰਘ ਭਕਨਾ, ਮੌਲਵੀ ਬਰਕਤ ਉੱਲਾ ਤੇ ਲਾਲਾ ਹਰਦਿਆਲ ਸਮੇਤ ਸਾਰੇ ਸ਼ਹੀਦ ਤੇ ਕ੍ਰਾਂਤੀਕਾਰੀ ਇਕੋ ਜਿਹੇ ਸਤਿਕਾਰ ਦੇ ਪਾਤਰ ਹਨ, ਪਰ ਦੇਸ਼ ਦੇ ਮੌਜੂਦਾ ਹੁਕਮਰਾਨਾਂ, ਜੋ ਸਾਮਰਾਜ ਦੇ ਜਨਮਜਾਤ ਏਜੰਟ ਹਨ, ਨੂੰ ਮੌਲਵੀ ਬਰਕਤ ਉਲਾ ਤੇ ਅਸ਼ਫਾਕ ਉਲਾ ਜਿਹੇ ਦੇਸ਼ ਭਗਤ ਖਾਸ ਤੌਰ ‘ਤੇ ਚੁਭਦੇ ਹਨ। ਬੁਲਾਰਿਆਂ ਨੇ ਭੋਪਾਲ ਦੀ ਯੂਨੀਵਰਸਿਟੀ ਦਾ ਪੁਰਾਣਾ ਨਾਂਅ ਬਹਾਲ ਰੱਖਣ ਦੀ ਜ਼ੋਰਦਾਰ ਮੰਗ ਰੱਖੀ।
ਬੁਲਾਰਿਆਂ ਕਿਹਾ ਕਿ ਡੂੰਘੇ ਆਰਥਿਕ ਸੰਕਟ ‘ਚ ਫਸਿਆ ਦੇਸ਼-ਦੁਨੀਆ ਦਾ ਪੂੰਜੀਵਾਦੀ ਨਿਜ਼ਾਮ ਜੰਗਾਂ ਛੇੜਣ ਰਾਹੀਂ ਬੇਕਸੂਰ ਲੋਕਾਂ ਦਾ ਘਾਣ ਕਰਕੇ ਮੰਦਵਾੜੇ ‘ਚੋਂ ਨਿਕਲਣਾ ਚਾਹੁੰਦਾ ਹੈ। ਇਸੇ ਲਈ ਟਰੰਪ ਬਿਨਾਂ ਕਿਸੇ ਤਰਕ-ਦਲੀਲ ਦੇ ਦੂਜੇ ਦੇਸ਼ਾਂ ਦੇ ਕੁਦਰਤੀ ਸੋਮਿਆਂ ‘ਤੇ ਕਬਜ਼ਾ ਕਰਨ ਲਈ ਫੌਜੀ ਹਮਲਿਆਂ ਤੇ ਆਰਥਿਕ ਨਾਕਾਬੰਦੀਆਂ ਦਾ ਸਹਾਰਾ ਲੈ ਰਿਹਾ ਹੈ।ਉਸ ਦੇ ਜੁੰਡੀਦਾਰ ਨਸਲਵਾਦੀ ਨੇਤਨਯਾਹੂ ਨੇ ਗਾਜ਼ਾ ਪੱਟੀ ਤੇ ਪੱਛਮੀ ਕਿਨਾਰੇ ‘ਚ ਫ਼ਲਸਤੀਨੀਆਂ ਦੀ ਯੋਜਨਾਬੱਧ ਨਸਲਕੁਸ਼ੀ ਦੀ ਮੁਹਿੰਮ ਛੇੜੀ ਹੋਈ ਹੈ ਅਤੇ ਲਿਬਨਾਨ ਦੇ ਇਲਾਕਿਆਂ ‘ਤੇ ਵੀ ਕਬਜ਼ਾ ਕਰਨਾ ਜਾਰੀ ਰੱਖ ਰਿਹਾ ਹੈ। ਨਿਆਂਪਸੰਦ ਪੰਜਾਬੀ ਮਾਨਵਤਾ ਦੇ ਕਤਲੇਆਮ ਦੇ ਸਖ਼ਤ ਵਿਰੋਧੀ ਹਨ।
ਬੁਲਾਰਿਆਂ ਨੇ ਪੇਪਰ ਲੀਕ ਖ਼ਿਲਾਫ ਜਾਰੀ ਘੋਲ ‘ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ, ਪੰਜਾਬੀ ਬੋਲੀ ਨੂੰ ਪੰਜਾਬ ਤੇ ਦੇਸ਼ ‘ਚ ਬਣਦਾ ਸਥਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਲ ਕਰਨ, ਰਾਜਧਾਨੀ ਚੰਡੀਗੜ੍ਹ ਤੇ ਡੈਮਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਕੰਮ ਦਿਹਾੜੀ ਸਖ਼ਤੀ ਨਾਲ 8 ਘੰਟੇ ਲਾਗੂ ਕਰਨ, ਕਿਰਤ ਕੋਡ ਰੱਦ ਕਰਨ ਤੇ ਕਿਰਤ ਕਾਨੂੰਨ ਬਹਾਲ ਕਰਨ, ਮਨਰੇਗਾ ਐਕਟ ਬਹਾਲ ਕਰਨ, ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ, ਸਾਰੀਆਂ ਖੇਤੀ ਜਿਣਸਾਂ ਦੀ ਐੱਮ ਐੱਸ ਪੀ ਤੇ ਗਾਰੰਟੀਸ਼ੁਦਾ ਖਰੀਦ ਕਰਨ ਆਦਿ ਮੰਗਾਂ ਵੀ ਉਭਾਰੀਆਂ।
ਰੈਲੀ-ਪ੍ਰਦਰਸ਼ਨਾਂ ਨੂੰ ਵੱਖੋ-ਵੱਖ ਜ਼ਿਲ੍ਹਿਆਂ ‘ਚ ਬੰਤ ਸਿੰਘ ਬਰਾੜ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਰਤਨ ਸਿੰਘ ਰੰਧਾਵਾ, ਰਾਜਵਿੰਦਰ ਸਿੰਘ ਰਾਣਾ, ਕੁਲਵਿੰਦਰ ਸਿੰਘ ਵੜੈਚ, ਮੰਗਤ ਰਾਮ ਲੌਂਗੋਵਾਲ, ਨੱਥਾ ਸਿੰਘ ਢਡਵਾਲ, ਗੋਬਿੰਦ ਸਿੰਘ ਛਾਜਲੀ, ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ, ਜਗਰੂਪ, ਸਤੀਸ਼ ਰਾਣਾ, ਗੁਲਜ਼ਾਰ ਸਿੰਘ ਭੁੰਬਲੀ, ਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਭੋਲਾ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਿਵ ਕੁਮਾਰ ਪਠਾਨਕੋਟ, ਮੋਹਨ ਸਿੰਘ ਧਮਾਣਾ, ਰਘਬੀਰ ਸਿੰਘ ਬੈਨੀਪਾਲ, ਸੱਜਣ ਸਿੰਘ ਬੈਂਸ, ਦਰਸ਼ਨ ਨਾਹਰ ਤੇ ਸਰਬਜੀਤ ਗਿੱਲ ਆਦਿ ਨੇ ਸੰਬੋਧਨ ਕੀਤਾ।ਫਰੰਟ ਦੇ ਸੂਬਾਈ ਸੱਦੇ ਦੀ ਕੜੀ ਵਜੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਬਾਬਾ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਦਰਸ਼ਨ ਨਾਹਰ, ਹੰਸ ਰਾਜ ਪੱਬਵਾਂ ਤੇ ਹਰਜਿੰਦਰ ਮੌਜੀ ਨੇ ਕੀਤੀ। ਇਸ ਮੌਕੇ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੰਗਤ ਰਾਮ ਪਾਸਲਾ, ਅਜਮੇਰ ਸਿੰਘ, ਕਸ਼ਮੀਰ ਸਿੰਘ ਘੁੱਗਸ਼ੋਰ, ਰਸ਼ਪਾਲ ਕੈਲੇ ਅਤੇ ਸਰਬਜੀਤ ਮੁਠੱਡਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸੰਤੋਸ਼ ਬਰਾੜ, ਪਰਮਜੀਤ ਸਮਰਾਏ, ਵੀਰ ਕੁਮਾਰ, ਮਹਿੰਦਰ ਸਿੰਘ ਘੋੜਾਬਾਹੀ, ਸਵਰਨਜੀਤ ਸਿੰਘ ਕੁਰੈਸ਼ੀਆਂ ਆਦਿ ਵੀ ਮੌਜੂਦ ਸਨ। ਰੈਲੀ ਦੀ ਸਮਾਪਤੀ ਉਪਰੰਤ ਸ਼ਹਿਰ ‘ਚ ਮੁਜ਼ਾਹਰਾ ਕੀਤਾ ਗਿਆ।




