ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਪੀ ਐੱਸ ਪੀ ਸੀ ਐੱਲ (ਬਿਜਲੀ ਬੋਰਡ) ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਦਾ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਵੱਖ-ਵੱਖ ਕੈਟਾਗਰੀਆਂ ਦੇ ਵਰਕਰਾਂ ਪ੍ਰਤੀ ਜੋ ਕਠੋਰ ਅਤੇ ਅੱਤ ਦਾ ਨਿੰਦਣਯੋਗ ਰਵੱਈਆ ਅਖਤਿਆਰ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦੀ ਬਜਾਏ ਮੁਕਰ ਜਾਣ ਨੂੰ ਇਕ ਗੈਰ-ਇਖਲਾਕੀ ਕਦਮ ਦੱਸਦਿਆਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਕੰਮ ਕਰਦੇ ਵਰਕਰ, ਥਰਮਲ ਪਲਾਂਟ ਰੋਪੜ ਅਤੇ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਠੇਕੇ ਪ੍ਰਣਾਲੀ ਅਧੀਨ ਕੰਮ ਕਰਦੇ ਵਰਕਰਾਂ ਦਾ ਸਾਲਾਂਬੱਧੀ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਦੇ ਕੇ ਮੁਜਰਮਾਨਾ ਤਰੀਕੇ ਨਾਲ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਵਾਰ-ਵਾਰ ਇਨ੍ਹਾਂ ਵਰਕਰਾਂ ਨੂੰ ਬਿਜਲੀ ਅਦਾਰੇ ਅਧੀਨ ਸਿੱਧੇ ਠੇਕੇ ਅਧੀਨ ਲਿਆ ਕੇ ਅਗਲੇ ਪੜਾਅ ਤੇ ਰੈਗੂਲਰ ਕਰਨ ਦਾ ਭਰੋਸਾ ਦਿਤਾ ਜਾਂਦਾ ਹੈ ਅਤੇ ਫਿਰ ਮੁਕਰਿਆ ਜਾਂਦਾ ਹੈ, ਜਿਸ ਕਾਰਨ ਵਰਕਰਾਂ ਵਿਚ ਨਿਰਾਸ਼ਾ ਅਤੇ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਵਿਰੁੱਧ ਜ਼ਬਰਦਸਤ ਗੁੱਸਾ ਪਾਇਆ ਜਾ ਰਿਹਾ ਹੈ। ਇਹ ਰੋਸ ਅਤੇ ਗੁੱਸਾ ਵਾਜਬ ਵੀ ਹੈ, ਕਿਉਂਕਿ ਥੋੜ੍ਹਾ ਅਰਸਾ ਪਹਿਲਾਂ 6-7 ਹਜ਼ਾਰ ਠੇਕਾ ਕਰਮਚਾਰੀਆਂ ਨੂੰ ਬਿਜਲੀ ਬੋਰਡ ਵਲੋਂ ਸਿਧੇ ਠੇਕੇ ਅਧੀਨ ਲੈ ਲਿਆ ਗਿਆ ਹੈ, ਪਰ ਇਹ ਜੋ 6-7 ਹਜ਼ਾਰ ਹੋਰ ਠੇਕਾ ਕਰਮਚਾਰੀਆਂ ਨੂੰ ਸਿਧੇ ਕੰਟਰੈਕਟ ਅਧੀਨ ਕਰਨ ਤੋਂ ਸਰਕਾਰ ਅਤੇ ਮੈਨੇਜਮੈਂਟ ਪਾਸਾ ਵੱਟਣਾ ਚਾਹੁੰਦੀ ਹੈ, ਜਿਸ ਦੇ ਰੋਸ ਵਜੋਂ ਹਜ਼ਾਰਾਂ ਵਰਕਰ ਹੜਤਾਲ ‘ਤੇ ਹਨ। ਸਰਕਾਰ ਅਤੇ ਮੈਨੇਜਮੈਂਟ ਹੜਤਾਲ ਕੁਚਲਣ ਦੀਆਂ ਧਮਕੀਆਂ ਦੇ ਰਹੀ ਹੈ ਅਤੇ ਵਰਕਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੁਲਸ ਜਬਰ ਕਰਨ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਦੇ ਕਿਸੇ ਵੀ ਹੱਥਕੰਡਿਆਂ ਦਾ ਸਮੁੱਚੇ ਪੰਜਾਬ ਦੀ ਮਜ਼ਦੂਰ ਜਮਾਤ ਮੂੰਹਤੋੜ ਜਵਾਬ ਦੇਵੇਗੀ।
ਬਰਾੜ ਅਤੇ ਧਾਲੀਵਾਲ ਨੇ ਬਿਜਲੀ ਮੰਤਰੀ ਅਤੇ ਬਿਜਲੀ ਬੋਰਡ ਮੈਨੇਜਮੈਂਟ ਨੂੰ ਪੰਜਾਬ ਏਟਕ ਵਲੋਂ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਕੰਟਰੈਕਟ ਵਰਕਰਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੜਤਾਲੀ ਵਰਕਰਾਂ ਵਿਰੁੱਧ ਕੋਈ ਵਧੀਕੀ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਏਟਕ ਨਾਲ ਸੰਬੰਧਤ ਜਥੇਬੰਦੀਆਂ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਇਸ ਅੰਦੋਲਨ ਦੀ ਵੱਡੇ ਪੱਧਰ ‘ਤੇ ਹਮਾਇਤ ਕਰਦੇ ਹੋਏ ਇਸ ਨੂੰ ਵਿਸ਼ਾਲ ਅੰਦੋਲਨ ਦਾ ਰੂਪ ਦੇ ਦਿੱਤਾ ਜਾਵੇਗਾ।



