ਮੁਹਾਲੀ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾ ਖ਼ਿਲਾਫ਼ ਬਣਾਈ ਗਈ ਜਾਲ੍ਹੀ ਵੀਡੀਓ ਜਗਮਨ ਸਮਰਾ ਵੱਲੋਂ ਬਣਾਈ ਗਈ ਹੈ। ਉਨ੍ਹਾ ਕਿਹਾ ਕਿ ਵੀਡੀਓ ਵਿੱਚ ਜਿਸ ਵਿਅਕਤੀ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ, ਉਸ ਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾ ਇਸ ਮੌਕੇ ਕਾਰ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਵੀ ਜਨਤਕ ਕੀਤੀ ਤੇ ਜਿਸ ਵਿੱਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਲਿਵਰੀ ਹਾਸਲ ਕੀਤੀ ਗਈ ਹੈ ਅਤੇ ਮਾਸਕ ਨੂੰ ਆਪਣੇ ਹੱਥ ਉਤੇ ਚੜ੍ਹਾ ਕੇ ਹੋਟਲ ਵਿੱਚ ਲੈ ਕੇ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਹੋਟਲ ਦੇ ਕਮਰੇ ਵਿਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ, ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸੱਚਾਈ ਸਾਹਮਣੇ ਆ ਸਕੇ। ਉਨ੍ਹਾ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ, ਪਰ ਮਾਸਕ ਵਿੱਚ ਅੱਖਾਂ ਨਹੀਂ ਬਣਦੀਆਂ ਇਸੇ ਕਰਕੇ ਜਾਲ੍ਹੀ ਵੀਡੀਓ ਵਿੱਚ ਅੱਖਾਂ ਉੱਤੇ ਐਨਕ ਲਾਈ ਹੋਈ ਹੈ। ਉਹਨਾ ਕਿਹਾ ਕਿ ਸੰਬੰਧਤ ਵੀਡੀਓ ਵਿੱਚ ਉਨ੍ਹਾ ਦੀ ਠੋਡੀ ਸਾਫ਼ ਹੈ, ਜਦੋਂ ਕਿ ਉਨ੍ਹਾਂ ਦੇ ਪੰਜ ਸਾਲ ਦੀ ਉਮਰ ਤੋਂ ਇੱਕ ਨਿਸ਼ਾਨ ਬਣਿਆ ਹੋਇਆ ਹੈ। ਇਸੇ ਤਰ੍ਹਾਂ ਸੰਬੰਧਤ ਵਿਅਕਤੀ ਦਾ ਕੱਦ ਵੀ ਉਹਨਾ ਤੋਂ ਦੋ ਫੁੱਟ ਉੱਚਾ ਹੈ। ਮਾਨ ਨੇ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਕਿ ਇਹ ਸਾਰੀ ਸਾਜ਼ਿਸ਼ ਉਨ੍ਹਾ ਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਲਈ ਰਚੀ ਗਈ ਹੈ, ਕਿਉਂਕਿ ਸਿਆਸੀ ਤੌਰ ‘ਤੇ ਵਿਰੋਧੀ ਪਾਰਟੀਆਂ ਕੋਲ ਕਹਿਣ ਨੂੰ ਕੁਝ ਵੀ ਨਹੀਂ । ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 2018-19 ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹ ਤਾਂ 2016 ਤੋਂ ਬਾਅਦ ਕਦੇ ਕੈਨੇਡਾ ਹੀ ਨਹੀਂ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ ਕਿਸ ਦੇ ਕਹਿਣ ‘ਤੇ ਬਣਾਈ ਗਈ, ਇਸ ਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸ ਦਾ ਵੀ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜਗਮਨ ਸਮਰਾ ਉਨ੍ਹਾ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ਼ ਇੱਕ ਵਾਰ ਜਦੋਂ ਉਹ ਪੀ ਪੀ ਪੀ ਵਿੱਚ ਸਨ, ਉਦੋਂ ਉਹਨਾ ਨੂੰ ਉਹ ਮਿਲੇ ਸਨ। ਉਨ੍ਹਾ ਕਿਹਾ ਕਿ ਉਹ ਬਲੈਕਮੇਲਰ ਹੈ ਅਤੇ ਉਹਨਾ ਖਿਲਾਫ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਵੱਲੋਂ ਹੀ ਇਹ ਵੀਡੀਓ ਬਣਵਾਈ ਹੋ ਸਕਦੀ ਹੈ।
ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਉਹਨਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਉਨ੍ਹਾ ਦੇ ਸਾਥੀਆਂ ਦੇ ਬਾਈਕਾਟ ਕਰਨ ਦੇ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਵਾਏ ਗਏ, ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਹਨ। ਉਨ੍ਹਾ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹਿਆ ਹੋਵੇ, ਤਖਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਅਤੇ ਸਿੱਖ ਨੌਜਵਾਨਾਂ ‘ਤੇ ਗੋਲੀਆਂ ਚਲਾਉਂਦਾ ਰਿਹਾ ਹੈ ਤੇ ਉਹ ਕਿਵੇਂ ਉਹਨਾ ਨੂੰ ਗਲਤ ਠਹਿਰਾ ਸਕਦਾ ਹੈ।
ਉਨ੍ਹਾ ਭਾਜਪਾ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ‘ਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ, ਉਹ ਭਾਜਪਾ ਹੁਣ ਸ੍ਰੀ ਅਕਾਲ ਤਖਤ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਨ੍ਹਾ ਵੱਲੋਂ ਕੀਤੇ ਜਾ ਰਹੇ ਸਮਾਜਿਕ, ਆਰਥਕ ਅਤੇ ਧਾਰਮਕ ਕੰਮਾਂ ਤੋਂ ਪਰੇਸ਼ਾਨ ਹਨ। ਉਨ੍ਹਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ, ਜਿਸ ਕਾਰਨ ਉਹ ਉਹਨਾ ਨੂੰ ਬਦਨਾਮ ਕਰਨ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹਨ। ਉਨ੍ਹਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ ਤੇ ਉਸ ਦੀ ਸਰਵਉਚਤਾ ਪ੍ਰਵਾਨ ਕਰਦੇ ਹਨ ਅਤੇ ਜੇਕਰ ਅਕਾਲ ਤਖਤ ਸਾਹਿਬ ਉਹਨਾ ਨੂੰ ਦੁਬਾਰਾ ਤਖਤ ‘ਤੇ ਬੁਲਾਏਗਾ ਤਾਂ ਨਿਰਸੰਕੋਚ ਜਾਣ ਲਈ ਤਿਆਰ ਹਨ। ਉਨ੍ਹਾ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਵਿੱਚ ਮੈਂ ਨਹੀਂ ਹਾਂ, ਕੋਈ ਹੋਰ ਹੈ ਅਤੇ ਅੱਜ ਵੀ ਉਹ ਇਸ ਗੱਲ ‘ਤੇ ਕਾਇਮ ਹਨ। ਉਨ੍ਹਾ ਕਿਹਾ ਕਿ ਉਹਨਾਂ ਨੇ ਪੰਜਾਬ ਤੇ ਪੰਜਾਬੀਆਂ ਲਈ ਅਨੇਕਾਂ ਕੰਮ ਕੀਤੇ ਹਨ ਤੇ ਇਸੇ ਕਰਕੇ ਅੱਜ ਵੀ ਲੋਕ ਉਹਨਾ ਦੇ ਨਾਲ ਖੜੇ ਹਨ। ਉਨ੍ਹਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ‘ਤੇ ਮੇਰੇ ਖਿਲਾਫ ਫਤਵੇ ਜਾਰੀ ਕਰਵਾ ਰਹੀ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ, ਪਰ ਉਹ ਤਾਂ ਹਮੇਸ਼ਾ ਧਰਮ ਵਿਰੁੱਧ ਰਹੇ ਹਨ। ਗੁੜਗਾਓਂ ਵਿਖੇ ਦਰਜ ਹੋਏ ਪਰਚੇ ਸੰਬੰਧੀ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਈ ਡੀ ਅਤੇ ਪੁਲਸ ਨੂੰ ਭੇਜ ਕੇ ਅਤੇ ਦਬਾਅ ਪਾ ਕੇ ਲੈਬੋਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜਗਮਨ ਸਮਰਾ ਨਾਲ ਸੰਬੰਧਤ ਸਮੁੱਚੀ ਤਾਜ਼ਾ ਵੀਡੀਓ ਪੁਲਸ ਕੋਲ ਭੇਜੀ ਜਾਏਗੀ ਅਤੇ ਉਨ੍ਹਾ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਵੀ ਉਪਰਾਲੇ ਕੀਤੇ ਜਾਣਗੇ।




