ਕਾਰਾਕਸ : ਵੈਨੇਜ਼ੁਏਲਾ ਵਿੱਚ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਵਿੱਚ 164 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 700 ਤੋਂ ਵੱਧ ਲੋਕ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਰਾਜ ‘ਲਾ ਗੁਆਇਰਾ’ ਦੱਸਿਆ ਜਾ ਰਿਹਾ ਹੈ, ਜਿੱਥੇ ਦਰਜਨਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਪਹਿਲਾ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ‘ਤੇ ਮੋਰੋਨ ਸ਼ਹਿਰ ਤੋਂ ਪੱਛਮ ਵੱਲ 22 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਸ ਦੇ ਇੱਕ ਮਿੰਟ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ‘ਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ ਇੱਕ ਸਦੀ ਵਿੱਚ ਵੈਨੇਜ਼ੁਏਲਾ ਵਿੱਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਹਨ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ੀਲ ਦੇ ਐਮਾਜ਼ਾਨ ਖੇਤਰ ਤੱਕ ਇਮਾਰਤਾਂ ਖਾਲੀ ਕਰਵਾਉਣੀਆਂ ਪਈਆਂ। ਭੂਚਾਲ ਤੋਂ ਬਾਅਦ ਕਾਰਾਕਸ ਦੀਆਂ ਸੜਕਾਂ ‘ਤੇ ਲੋਕ ਸਹਿਮੇ ਹੋਏ ਨਜ਼ਰ ਆਏ। ਇਮਾਰਤਾਂ ਦੀਆਂ ਕੰਧਾਂ ਡਿੱਗਣ ਕਾਰਨ ਮਲਬੇ ਅਤੇ ਟੁੱਟੇ ਖੰਭਿਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ, ਜਦ ਕਿ ਕਈ ਇਲਾਕਿਆਂ ਵਿੱਚ ਬਿਜਲੀ ਅਤੇ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ ਹਨ। ਗ੍ਰਹਿ ਮੰਤਰੀ ਡਿਓਸਦਾਡੋ ਕੈਬੇਲੋ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਵਾਹਨਾਂ ਨੂੰ ਰਾਹ ਦੇਣ ਦੀ ਅਪੀਲ ਕੀਤੀ ਹੈ।
ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਨੇ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਇੱਕਜੁੱਟ ਰਹਿਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ, ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਅਤੇ ਅਮਰੀਕੀ ਸੰਸਦ ਮੈਂਬਰ ਮਾਰੀਆ ਐਲਵੀਰਾ ਸਲਾਜ਼ਾਰ ਨੇ ਵੀ ਵੈਨੇਜ਼ੁਏਲਾ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੈਨੇਜ਼ੁਏਲਾ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ। ਭੂਚਾਲ ਦੇ ਝਟਕੇ ਕੋਲੰਬੀਆ ਵਿੱਚ ਵੀ ਮਹਿਸੂਸ ਕੀਤੇ ਗਏ, ਪਰ ਉੱਥੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਮਰੀਕੀ ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਵਰਜਿਨ ਆਈਲੈਂਡਜ਼ ਅਤੇ ਡੋਮਿਨਿਕਨ ਰੀਪਬਲਿਕ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ।




