ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ) : ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ ਅਤੇ ਅਦਾਰਿਆਂ ਦਾ ਸਮਾਂ ਪਹਿਲੀ ਜੁਲਾਈ ਤੋਂ ਮੁੜ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦਾ ਕਰ ਦਿੱਤਾ ਗਿਆ ਹੈ, ਜਿਹੜਾ ਕਿ ਗਰਮੀ ਵਧਣ ਕਾਰਨ 25 ਮਈ ਨੂੰ ਸਵੇਰ 7.30 ਵਜੇ ਤੋਂ ਡੇਢ ਵਜੇ ਤੱਕ ਦਾ ਕਰ ਦਿੱਤਾ ਗਿਆ ਸੀ। ਸਮਾਂ ਬਦਲਣ ਪਿੱਛੇ ਇਹ ਦਲੀਲ ਵੀ ਸੀ ਕਿ ਦਫਤਰ ਛੇਤੀ ਬੰਦ ਹੋਣ ਨਾਲ ਬਿਜਲੀ ਦੀ ਮੰਗ ਘਟੇਗੀ, ਪਰ ਕੋਈ ਬਹੁਤਾ ਫਰਕ ਨਹੀਂ ਪਿਆ। ਇਹ ਵੀ ਦੇਖਿਆ ਗਿਆ ਕਿ ਮੁਲਾਜ਼ਮ ਤਾਂ ਸਵੇਰੇ 7.30 ਵਜੇ ਆ ਜਾਂਦੇ ਸਨ, ਪਰ ਲੋਕਾਂ ਦੀ ਆਮਦ 9 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ। ਜਿਹੜੇ ਲੋਕ ਦੂਰੋਂ ਚੰਡੀਗੜ੍ਹ ਆਉਂਦੇ ਸਨ, ਉਨ੍ਹਾਂ ਦੇ ਪੁੱਜਣ ਤੱਕ ਦਫਤਰ ਬੰਦ ਹੋ ਜਾਂਦੇ ਸਨ।
ਮੌਤਾਂ ਦੀ ਗਿਣਤੀ 235
ਕਾਰਾਕਸ : ਵੈਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਆਏ ਦੋ ਸ਼ਕਤੀਸ਼ਾਲੀ ਭੁਚਾਲਾਂ ਕਾਰਨ ਹੁਣ ਤੱਕ ਲਗਭਗ 235 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 4300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸਿਹਤ ਮੰਤਰੀ ਕਾਰਲੋਸ ਅਲਵਾਰਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ, ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਹਨ। ਮਾਹਰਾਂ ਦਾ ਮੰਨਣਾ ਹੈ ਕਿ ਦੋ ਭੁਚਾਲਾਂ ਦੇ ਇੱਕ ਮਿੰਟ ਦੇ ਵਕਫੇ ਨਾਲ ਆਉਣ ਅਤੇ ਘੱਟ ਡੂੰਘਾਈ ਹੋਣ ਕਾਰਨ ਤਬਾਹੀ ਦੀ ਤੀਬਰਤਾ ਕਈ ਗੁਣਾ ਵਧ ਗਈ।
ਸੁੱਖੂ ਨੇ ਚੰਡੀਗੜ੍ਹ ‘ਚ 7.19 ਫੀਸਦੀ ਹਿੱਸਾ ਮੰਗਿਆ
ਚੰਡੀਗੜ੍ਹ : ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਪੰਜਾਬ ਪੁਨਰਗਠਨ ਐਕਟ 1966 ਦੇ ਉਪਬੰਧਾਂ ਦੇ ਤਹਿਤ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਿਮਾਚਲ ਦਾ 7.19 ਫੀਸਦੀ ਹਿੱਸਾ ਮੰਗਿਆ ਅਤੇ ਸ਼ਾਨਨ ਹਾਈਡਲ ਪ੍ਰੋਜੈਕਟ ਦੀ ਵਾਪਸੀ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਹਿਮਾਚਲ ਲਈ ਮਹੱਤਵਪੂਰਨ ਕਈ ਲੰਮੇ ਸਮੇਂ ਤੋਂ ਲਟਕ ਰਹੇ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਸੰਬੰਧਤ ਲੰਮੇ ਸਮੇਂ ਤੋਂ ਲਟਕ ਰਹੇ ਬਕਾਏ ਦੇ ਨਿਪਟਾਰੇ ਲਈ ਰਾਜਪਾਲ ਤੋਂ ਦਖਲ ਦੀ ਮੰਗ ਵੀ ਕੀਤੀ।




