ਮੋਦੀ ਭਗਤਾਂ ਨੂੰ ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ ਤੇ ਕਮਰਤੋੜ ਮਹਿੰਗਾਈ ਬਾਰੇ ਗੱਲ ਕਰਨਾ ਚੰਗਾ ਨਹੀਂ ਲੱਗਦਾ। ਇਥੋਂ ਤੱਕ ਕਿ ਭਾਜਪਾ ਦਾ ਬਾਪ ਸੰਘ ਵੀ ਜੇਕਰ ਇਸ ਸੰਬੰਧੀ ਕੋਈ ਸਲਾਹ ਦੇ ਦੇਵੇ ਤਾਂ ਸਰਕਾਰ ਵਿਚਲੇ ਮੋਦੀ ਭਗਤ ਤੜਫ ਉਠਦੇ ਹਨ। ਪਿਛਲੇ ਦਿਨੀਂ ਆਰ ਐੱਸ ਐੱਸ ਦੇ ਜਨਰਲ ਸਕੱਤਰ ਦੱਤਾਤਰੇਅ ਹਸਬੋਲੇ ਨੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚ ਗਰੀਬੀ, ਅਸਮਾਨਤਾ, ਮਹਿੰਗਾਈ ਤੇ ਬੇਰੁਜ਼ਗਾਰੀ ਦਾ ਮੁੱਦਾ ਉਠਾਇਆ ਸੀ। ਉਨ੍ਹਾ ਇਨ੍ਹਾਂ ਮੁੱਦਿਆਂ ਦੀ ਗੱਲ ਕਰਦਿਆਂ ਸਰਕਾਰ ਨੂੰ ਨਸੀਹਤ ਦਿੱਤੀ ਸੀ ਕਿ ਉਹ ਆਪਣੀਆਂ ਆਰਥਕ ਨੀਤੀਆਂ ਬਾਰੇ ਪੁਨਰ-ਵਿਚਾਰ ਕਰਕੇ ਸਹੀ ਰਾਹ ਅਪਣਾਏ।
ਇਸ ਤੋਂ ਅਗਲੇ ਦਿਨ ਹੀ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਟਵਿੱਟਰ ਰਾਹੀਂ ਆਪਣਾ ਬਿਆਨ ਦਾਗਦਿਆਂ ਲਿਖਿਆ, ‘‘ਤਿਉਹਾਰ ਦੇ ਸਮੇਂ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਿੱਚ ਗਿਰਾਵਟ, ਘਰ ਵਿੱਚ ਜਸ਼ਨ, ਬਜਟ ਵਿੱਚ ਰਾਹਤ।’’ ਆਪਣੇ ਟਵੀਟ ਦੇ ਨਾਲ ਉਨ੍ਹਾ ਇੱਕ ਗਰਾਫਿਕ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਕੀਮਤਾਂ ਵਿੱਚ ਕਿੰਨੀ ਗਿਰਾਵਟ ਆਈ ਹੈ। ਇਸ ਗਰਾਫਿਕ ਮੁਤਾਬਕ 2 ਅਕਤੂਬਰ ਨੂੰ ਪਾਮ ਤੇਲ ਦੀ ਕੀਮਤ ਵਿੱਚ ਪਿਛਲੇ ਮਹੀਨੇ ਦੀ ਤੁਲਨਾ ਵਿੱਚ 11 ਫ਼ੀਸਦੀ, ਪਿਆਜ਼ ਦੀ ਕੀਮਤ ’ਚ 8 ਫੀਸਦੀ, ਆਲੂ ਦੀ ਕੀਮਤ ’ਚ 7 ਫੀਸਦੀ, ਛੋਲਿਆਂ ਦੀ ਦਾਲ ਦੀ ਕੀਮਤ ਵਿੱਚ 4 ਫ਼ੀਸਦੀ ਤੇ ਸਰ੍ਹੋਂ ਦੇ ਤੇਲ ਦੀ ਕੀਮਤ ਵਿੱਚ 3 ਫੀਸਦੀ ਕਮੀ ਆਈ ਹੈ।
ਪਿਊਸ਼ ਗੋਇਲ ਇਹ ਭੁੱਲ ਗਏ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਥੋੜ੍ਹਾ-ਬਹੁਤ ਉਤਰਾਅ-ਚੜ੍ਹਾਅ ਸਥਾਨਕ ਕਾਰਨਾਂ ਕਰਕੇ ਆਉਂਦਾ ਰਹਿਣਾ ਆਮ ਗੱਲ ਹੈ। ਅਸਲੀ ਸਥਿਤੀ ਦਾ ਪਤਾ ਉਦੋਂ ਲਗਦਾ, ਜਦੋਂ ਤੁਸੀਂ ਘੱਟੋ-ਘੱਟ ਇੱਕ ਸਾਲ ਦੇ ਸਮੇਂ ਦੌਰਾਨ ਕੀਮਤਾਂ ਵਿੱਚ ਆਏ ਫ਼ਰਕ ਦਾ ਵਿਸ਼ਲੇਸ਼ਣ ਕਰਦੇ ਹੋ। ਸੱਚਾਈ ਇਹ ਹੈ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਮਹਿੰਗਾਈ ਟਾਪ ਗੇਅਰ ਦੀ ਰਫ਼ਤਾਰ ਨਾਲ ਵਧਦੀ ਜਾ ਰਹੀ ਹੈ। ਰਿਟੇਲ ਐਨਾਲਿਟਕਸ ਪਲੇਟਫਾਰਮ (ਬਿਜੋਮ) ਦੇ ਅੰਕੜਿਆਂ ਅਨੁਸਾਰ ਰੋਜ਼ਾਨਾ ਵਰਤੋਂ ਦੇ ਕਰਿਆਨਾ ਸਮਾਨ ਦੀਆਂ ਕੀਮਤਾਂ ਇਸ ਸਾਲ ਜਨਵਰੀ ਤੋਂ ਹੁਣ ਤੱਕ 10 ਫ਼ੀਸਦੀ ਤੋਂ 22 ਫ਼ੀਸਦੀ ਤੱਕ ਵਧ ਗਈਆਂ ਹਨ। ਇਨ੍ਹਾਂ ਵਿੱਚ ਖੁਰਾਕੀ ਤੇਲ, ਮਸਾਲੇ, ਚਾਵਲ ਤੋਂ ਲੈ ਕੇ ਵਾਲਾਂ ਵਿੱਚ ਲਾਉਣ ਵਾਲੇ ਤੇਲ ਸ਼ਾਮਲ ਹਨ। ਜੇਕਰ ਪਿਛਲੇ ਵਿੱਤੀ ਵਰ੍ਹੇ 2021-22 ਦੇ ਅੰਕੜੇ ਦੇਖੇ ਜਾਣ ਤਾਂ ਨਹਾਉਣ ਵਾਲੇ ਸਾਬਣ ਤੇ ਕੱਪੜੇ ਧੋਣ ਵਾਲੇ ਪਾਊਡਰ ਦੀਆਂ ਕੀਮਤਾਂ ਵਿੱਚ 40 ਤੋਂ 70 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਅਰਸੇ ਦੌਰਾਨ ਫਲ, ਸਬਜ਼ੀਆਂ ਤੇ ਖੁਰਾਕੀ ਤੇਲਾਂ ਦੀਆਂ ਕੀਮਤਾਂ ਵਿੱਚ 60 ਤੋਂ 70 ਫ਼ੀਸਦੀ ਦਾ ਵਾਧਾ ਹੋਇਆ ਹੈ। ਪੀਅਰਸ ਸਾਬਣ ਦਾ ਜਿਹੜਾ ਪੈਕਟ 140 ਰੁਪਏ ਦਾ ਸੀ, ਉਹ ਹੁਣ 252 ਦਾ ਹੋ ਚੁੱਕਾ ਹੈ। ਇਸ ਤਰ੍ਹਾਂ ਡਵ ਸਾਬਣ ਦਾ ਪੈਕਟ 165 ਤੋਂ 280 ਰੁਪਏ, ਲਕਸ ਦਾ ਪੈਕਟ 110 ਤੋਂ 198 ਰੁਪਏ, ਤਰਲ ਵਿਮ 132 ਵਾਲਾ 199 ਰੁਪਏ, ਹਾਰਪਿਕ 140 ਵਾਲਾ 195 ਰੁਪਏ, ਸਰਫ਼ ਐਕਸੈਲ 104 ਵਾਲਾ 134 ਰੁਪਏ ਤੇ ਡਿਟੌਲ ਸਾਬਣ ਦਾ 189 ਵਾਲਾ ਪੈਕਟ 322 ਰੁਪਏ ਦਾ ਹੋ ਚੁੱਕਾ ਹੈ।
ਕੇਂਦਰੀ ਮੰਤਰੀ ਪਿਊਸ਼ ਗੋਇਲ, ਜਿਹੜੇ ਖੁਰਾਕੀ ਤੇਲਾਂ ਦੀਆਂ ਕੀਮਤਾਂ ਘਟਣ ਦੀ ਗੱਲ ਕਰਦਾ ਹੈ, ਉਹ ਪਹਿਲੀ ਤਿਮਾਹੀ ਦੌਰਾਨ 35 ਫ਼ੀਸਦੀ ਵਧ ਕੇ ਥੱਲੇ ਆਈਆਂ ਹਨ, ਪਰ ਫਿਰ ਵੀ ਇਹ ਜਨਵਰੀ 22 ਦੇ ਮੁਕਾਬਲੇ 5 ਤੋਂ 22 ਫ਼ੀਸਦੀ ਮਹਿੰਗੇ ਹਨ। ਸਾਡਾ ਦੇਸ਼ ਮਸਾਲਿਆਂ ਦਾ ਦੁਨੀਆ ਭਰ ਵਿੱਚੋਂ ਸਭ ਤੋਂ ਵੱਡਾ ਬਰਾਮਦਕਾਰ ਹੈ। ਇਸ ਦੇ ਬਾਵਜੂਦ ਮਸਾਲਿਆਂ ਦੀਆਂ ਕੀਮਤਾਂ 17 ਫ਼ੀਸਦੀ ਤੱਕ ਵਧ ਗਈਆਂ ਹਨ। ਇਹੋ ਨਹੀਂ ਇਸ ਸਾਲ ਚਾਵਲ ਤੇ ਆਟੇ ਦੀਆਂ ਕੀਮਤਾਂ ਵਿੱਚ ਵੀ 10 ਫੀਸਦੀ ਦਾ ਉਛਾਲ ਆਇਆ ਹੈ। ਬਿਜੋਮ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੀਮਤਾਂ ਵਧਣ ਕਾਰਨ ਇਨ੍ਹਾਂ ਕਰਿਆਨਾ ਵਸਤਾਂ ਦੀ ਵਿਕਰੀ ਘਟ ਗਈ ਹੈ, ਜਿਸ ਕਾਰਨ ਬਜ਼ਾਰਾਂ ਵਿੱਚ ਮੰਦੀ ਦਾ ਅਸਰ ਦੇਖਿਆ ਜਾ ਸਕਦਾ ਹੈ।
ਹੁਣ ਲਓ ਸਬਜ਼ੀਆਂ ਦੀ ਗੱਲ, ਇਹ ਠੀਕ ਹੈ ਕਿ ਪਿਆਜ਼, ਆਲੂ ਤੇ ਲਸਣ ਦੀਆਂ ਕੀਮਤਾਂ ਵਿੱਚ ਜ਼ਿਆਦਾ ਫ਼ਰਕ ਨਹੀਂ ਪਿਆ, ਪਰ ਬਾਕੀ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਆਨਲਾਈਨ ਸਬਜ਼ੀਆਂ ਸਪਲਾਈ ਕਰਨ ਵਾਲੇ ਸਟੋਰ ਬ�ਿਕੇਟ ਦੀ ਕੀਮਤ ਸੂਚੀ ਅਸਲ ਹਕੀਕਤ ਪੇਸ਼ ਕਰ ਰਹੀ ਹੈ। ਇਸ ਸੂਚੀ ਮੁਤਾਬਕ ਫਰੈਂਚ ਬੀਨਜ਼ 228 ਰੁਪਏ ਕਿਲੋ, ਗਾਜਰ 120 ਰੁਪਏ ਕਿਲੋ, ਹਰੀ ਸ਼ਿਮਲਾ ਮਿਰਚ 220 ਰੁਪਏ ਕਿਲੋ, ਬੈਂਗਣ 60 ਰੁਪਏ ਕਿਲੋ, ਘੀਆ ਕੱਦੂ 120 ਰੁਪਏ ਕਿਲੋ ਤੇ ਮੂਲੀ 80 ਰੁਪਏ ਕਿਲੋ ਵਿਕ ਰਹੀ ਹੈ। ਜੇਕਰ ਅਸੀਂ ਆਮ ਦੁਕਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਵੀ ਗਾਜਰ 100 ਰੁਪਏ ਕਿਲੋ, ਧਨੀਆ 300 ਰੁਪਏ ਕਿਲੋ, ਲੌਕੀ 60 ਰੁਪਏ ਕਿਲੋ, ਸ਼ਿਮਲਾ ਮਿਰਚ 120 ਰੁਪਏ ਕਿਲੋ ਤੇ ਮੂਲੀ 60 ਰੁਪਏ ਕਿਲੋ ਵਿਕ ਰਹੀ ਹੈ। ਦਸ ਦਿਨ ਪਹਿਲਾਂ ਇਨ੍ਹਾਂ ਸਬਜ਼ੀਆਂ ਦੇ ਭਾਅ ਲੱਗਭੱਗ ਅੱਧੇ ਸਨ।
ਆਮ ਆਦਮੀ ਨੂੰ ਮਹਿੰਗਾਈ ਹੱਥੋਂ ਕੋਈ ਰਾਹਤ ਮਿਲਣ ਦੀ ਵੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪੈਟਰੋਲੀਅਮ ਪਦਾਰਥਾਂ ਦੇ ਬਰਾਮਦਕਾਰ ਦੇਸ਼ਾਂ ਦੇ ਸੰਗਠਨ ‘ਓਪੇਕ’ ਨੇ ਕੱਚੇ ਤੇਲ ਦੇ ਉਤਪਾਦਨ ਵਿੱਚ 20 ਲੱਖ ਬੈਰਲ ਦੀ ਕਟੌਤੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਭਾਰਤ ਆਪਣੀ ਜ਼ਰੂਰਤ ਦਾ 70 ਫ਼ੀਸਦੀ ਕੱਚਾ ਤੇਲ ਓਪੇਕ ਦੇਸ਼ਾਂ ਤੋਂ ਖਰੀਦਦਾ ਹੈ। ਓਪੇਕ ਦੇ ਇਸ ਫੈਸਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ। ਮੋਦੀ ਹਕੂਮਤ ਬਾਰੇ ਹੁਣ ਹਰ ਨਾਗਰਿਕ ਨੂੰ ਤਜਰਬਾ ਹੋ ਚੁੱਕਾ ਹੈ ਕਿ ਇਹ ਦੇਸ਼ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਿੱਚ ਜ਼ਰਾ ਵੀ ਦੇਰੀ ਨਹੀਂ ਕਰੇਗੀ। ਇਸ ਨਾਲ ਢੋ-ਢੁਆਈ ਦੇ ਖਰਚੇ ਵਧਣਗੇ ਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਹੋਰ ਉਪਰ ਨੂੰ ਜਾਣਗੀਆਂ।
-ਚੰਦ ਫਤਿਹਪੁਰੀ