ਸਾਨਫਰਾਂਸਿਸਕੋ : ਅਮਰੀਕਾ ਦੇ ਕੈਲੀਫੋਰਨੀਆ ਵਿਚ ਅਗਵਾ ਕੀਤੇ ਗਏ ਚਾਰ ਪੰਜਾਬੀ ਜੀਅ ਜਿਊਂਦੇ ਨਹੀਂ ਮਿਲੇ, ਸਗੋਂ ਇਕ ਬਾਗ ਵਿੱਚੋਂ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਇਸ ਪਰਵਾਰ ਨੂੰ ਸੋਮਵਾਰ ਅਗਵਾ ਕਰ ਲਿਆ ਗਿਆ ਸੀ। ਮਰਸਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨੇਕੇ ਨੇ ਦੱਸਿਆ ਕਿ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਅਤੇ ਹਚਿਨਸਨ ਰੋਡ ਨੇੜੇ ਬਾਗ ਵਿੱਚੋਂ ਮਿਲੀਆਂ ਹਨ। ਬਾਗ ਦੇ ਕੋਲ ਖੇਤਾਂ ’ਚ ਕੰਮ ਕਰ ਰਹੇ ਮਜ਼ਦੂਰ ਨੇ ਲਾਸ਼ਾਂ ਦੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਤ ਕੀਤਾ। ਸ਼ੈਰਿਫ ਨੇ ਮਾਮਲੇ ਦੇ ਸ਼ੱਕੀ ਜੀਸਸ ਮੈਨੂਅਲ ਸਲਗਾਡੋ ਬਾਰੇ ਕਿਹਾ ਇਸ ਆਦਮੀ ਨੂੰ ਨਰਕ ’ਚ ਜਗ੍ਹਾ ਮਿਲੇਗੀ।
ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਪਹਿਲਾਂ ਜਸਦੀਪ ਅਤੇ ਅਮਨਦੀਪ ਘਰ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਇਸ ਤੋਂ ਬਾਅਦ ਅਗਵਾਕਾਰ ਜਸਲੀਨ ਅਤੇ ਅੱਠ ਮਹੀਨੇ ਦੀ ਬੱਚੀ ਨੂੰ ਬਾਹਰ ਕੱਢਦਾ ਨਜ਼ਰ ਆ ਰਿਹਾ ਹੈ। ਸਲਗਾਡੋ ਨੂੰ ਮੰਗਲਵਾਰ ਦੁਪਹਿਰ ਨੂੰ ਹਿਰਾਸਤ ’ਚ ਲਿਆ ਗਿਆ। ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹਸਪਤਾਲ ’ਚ ਦਾਖਲ ਹੈ।
ਚੌਹਾਂ ਜੀਆਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਨੇ ਉਨ੍ਹਾਂ ਦੇ ਪੰਜਾਬ ਵਿਚਲੇ ਰਿਸ਼ਤੇਦਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਘਰ ਹਮਦਰਦੀ ਪ੍ਰਗਟਾਉਣ ਪੁੱਜੇ ਲੋਕਾਂ ਨੇ ਕਿਹਾ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਅਮਰੀਕਾ ਵਰਗੇ ਦੇਸ਼ ਵਿਚ ਇੰਜ ਹੋ ਸਕਦਾ ਹੈ।
ਜਲੰਧਰ ਦੇ ਪਿੰਡ ਜੰਡੀਰ ਦੀ ਜਸਲੀਨ ਦੀ ਭਰਜਾਈ ਅਮਨਦੀਪ ਕੌਰ ਨੇ ਕਿਹਾ ਕਿ ਉਹ ਇਹ ਘਾਟਾ ਜ਼ਰ ਨਹੀਂ ਸਕਦੇ। ਜਸਲੀਨ ਦੀ ਮਾਂ ਗੁਰਮੀਤ ਕੌਰ ਤੇ ਕਿਸਾਨ ਪਿਤਾ ਗੁਰਨਾਮ ਸਿੰਘ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਗੁਰਨਾਮ ਸਿੰਘ ਨੇ ਬੁੱਧਵਾਰ ਦੱਸਿਆ ਸੀ ਕਿ ਜਸਲੀਨ ਦਾ ਵਿਆਹ ਜਨਵਰੀ 2019 ਵਿਚ ਜਸਦੀਪ ਨਾਲ ਕੀਤਾ ਸੀ ਤੇ ਉਹ ਅਕਤੂਬਰ 2020 ਵਿਚ ਅਮਰੀਕਾ ਚਲੇ ਗਈ। ਉਸ ਨੇ ਜਨਵਰੀ 2023 ਵਿਚ ਪੰਜਾਬ ਆਉਣ ਦੀ ਗੱਲ ਕਹੀ ਸੀ। ਉਹ ਆਪਣੀ ਦੋਹਤੀ ਦੇ ਪਹਿਲੀ ਵਾਰ ਪਿੰਡ ਆਉਣ ਬਾਰੇ ਕਾਫੀ ਉਤਸ਼ਾਹਤ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਪਰਵਾਰ ਦੇ ਹੋਏ ਕਤਲ ਦੀ ਜਾਂਚ ਲਈ ਅਮਰੀਕਾ ਦੀ ਫੈਡਰਲ ਸਰਕਾਰ ਨੂੰ ਪ੍ਰਭਾਵਿਤ ਕਰਨ ਲਈ ਵਿਦੇਸ਼ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸੂਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸ਼ੀ ਪਿੰਡ ਨਾਲ ਸੰਬੰਧਤ ਪੰਜਾਬੀ ਪਰਵਾਰ ਦਾ ਕੈਲੀਫੋਰਨੀਆ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ, ਜਿਸ ਨੇ ਹਰ ਕਿਸੇ ਖਾਸ ਕਰਕੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਵਹਿਸ਼ੀਆਨਾ ਕਤਨ ਨੇ ਅਮਰੀਕਾ ਵਰਗੇ ਉਨਤ ਦੇਸ਼ਾਂ ਵਿੱਚ ਵੀ ਪੰਜਾਬੀਆਂ ਦੀ ਸੁਰੱਖਿਆ ’ਤੇ ਸਵਾਲ ਖੜੇ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਦੀ ਸੁਰੱਿਖਆ ਦਾ ਮੁੱਦਾ ਅਮਰੀਕਾ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ। ਉਥੇ ਰਹਿੰਦੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ। ਧਾਲੀਵਾਲ ਨੇ ਇਸ ਘਿਨਾਉਣੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਵਾਰ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਉਨ੍ਹਾ ਸੂਬੇ ਦੇ ਗਵਰਨਰ ਅਤੇ ਮਰਸਿਡ ਕਾਉਂਟੀ ਦੇ ਮੇਅਰ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਨਾਲ ਹੀ ਅਪੀਲ ਕੀਤੀ ਹੈ ਕਿ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਵਾਰ ਨਾਲ ਡਟ ਕੇ ਖੜੀ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿਵਾਇਆ ਕਿ ਕਾਤਲਾਂ ਨੂੰ ਸਖਤ ਤੋਂ ਸਖਤ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਪੱਧਰ ’ਤੇ ਇਸ ਮਾਮਲੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਰੋਜ਼ੀ-ਰੋਟੀ ਲਈ ਪੰਜਾਬ ਛੱਡ ਕੇ ਵਿਦੇਸ਼ ਗਏ ਪੰਜਾਬੀਆਂ ਦੇ ਹੋਏ ਕਤਲ ਦੀ ਖਬਰ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਕਦਮ ਚੁੱਕੇ।





