ਸ੍ਰੀ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਤੋਂ ਰੋਸ ਮਾਰਚ

0
293

ਸ੍ਰੀ ਆਨੰਦਪੁਰ ਸਾਹਿਬ : ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਖਿਲਾਫ ਸ਼ੁੱਕਰਵਾਰ ਤਖਤ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ਾਲ ਰੋਸ ਮਾਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ’ਚ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ ਲਈ ਰਵਾਨਾ ਹੋਇਆ।
ਸਵੇਰੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਸਿੱਖਾਂ ’ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਸਿੱਖ ਕੌਮ ਵੱਲੋਂ ਇਕੱਠਿਆਂ ਹੋ ਕੇ ਲੜੀ ਜਾਂਦੀ ਲੜਾਈ ਕਾਰਨ ਇਹ ਸਾਜ਼ਿਸ਼ਾਂ ਕਦੇ ਵੀ ਸਫਲ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖ ਪੰਥ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਵਜੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਕੋਝੀ ਸਾਜ਼ਿਸ਼ ਕਰ ਕੇ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾ ਕਿਹਾ ਕਿ ਜਦੋਂ ਸਰਕਾਰਾਂ ਦੇ ਦੁਆਰ ਬੰਦ ਹੋ ਜਾਣ ਤਾਂ ਗੁਰੂ ਦੇ ਦੁਆਰ ਖੁੱਲ੍ਹ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੀ ਵਿਚਾਰ ਰੱਖੇ।
ਰੋਸ ਮਾਰਚ ਵਿਚ ਸ਼ਾਮਲ ਆਗੂਆਂ ਨੇ ਜਿਥੇ ਆਪਣੀਆਂ ਪੱਗਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਉੱਥੇ ਸੰਗਤਾਂ ਨੇ ਕਾਲੇ ਝੰਡੇ ਚੁੱਕੇ ਹੋਏ ਸਨ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ਹਲਕੇ ਦੇ ਆਸ-ਪਾਸ ਦੇ ਵੱਡੀ ਗਿਣਤੀ ਵਿਚ ਜਥੇਦਾਰ, ਜ਼ਿਲ੍ਹਾ ਪ੍ਰਧਾਨ ਅਤੇ ਵਰਕਰ ਤਖ਼ਤ ਦਮਦਮਾ ਸਾਹਿਬ ਪੁੱਜੇ।
ਖਾਲਸਾ ਰੋਸ ਮਾਰਚ ਤਖਤ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅੰਮਿ੍ਰਤਸਰ ਲਈ ਰਵਾਨਾ ਹੋਇਆ।

LEAVE A REPLY

Please enter your comment!
Please enter your name here