ਵੱਡੇ ਸ਼ਹਿਰਾਂ ’ਚ ਜਾਇਦਾਦਾਂ ਦੀ ਈ-ਨਿਲਾਮੀ

0
285

ਚੰਡੀਗੜ੍ਹ (ਗੁਰਜੀਤ ਬਿੱਲਾ)-ਜਲੰਧਰ ਵਿਕਾਸ ਅਥਾਰਟੀ ਅਤੇ ਅੰਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ ਸੂਬੇ ਦੇ ਸ਼ਹਿਰਾਂ ਅੰਮਿ੍ਰਤਸਰ, ਗੁਰਦਾਸਪੁਰ, ਬਟਾਲਾ, ਜਲੰਧਰ, ਫਗਵਾੜਾ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੰਮਿ੍ਰਤਸਰ ਵਿਕਾਸ ਅਥਾਰਟੀ ਵੱਲੋਂ 13 ਐੱਸ.ਸੀ.ਓਜ਼., 99 ਰਿਹਾਇਸ਼ੀ ਪਲਾਟ, ਗੁਰਦਾਸਪੁਰ ਵਿੱਚ 3.58 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਸਕੂਲ ਸਾਈਟ ਅਤੇ ਬਟਾਲਾ ਵਿੱਚ 5.25 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਹੋਰ ਸਕੂਲ ਸਾਈਟ, ਗੁਰਦਾਸਪੁਰ ਵਿੱਚ 6.10 ਕਰੋੜ ਰੁਪਏ ਦੀ ਕੀਮਤ ਵਾਲੀ ਇੱਕ ਬਹੁ-ਮੰਤਵੀ ਸਾਈਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਜਾਇਦਾਦਾਂ ਦੀ ਈ-ਨਿਲਾਮੀ 20 ਅਕਤੂਬਰ, 2022 ਤੋਂ 31 ਅਕਤੂਬਰ, 2022 ਤੱਕ ਹੋਵੇਗੀ।
ਜਲੰਧਰ ਵਿਕਾਸ ਅਥਾਰਟੀ ਵੱਲੋਂ 105 ਵਪਾਰਕ ਸਾਈਟਾਂ ਦੀ ਈ-ਨਿਲਾਮੀ ਕਰਵਾਈ ਜਾ ਰਹੀ ਹੈ, ਜਿਨ੍ਹਾਂ ਵਿੱਚ ਐੱਸ.ਸੀ.ਓ., ਐੱਸ.ਸੀ.ਐੱਸ., ਐੱਸ.ਸੀ.ਐੱਫ., ਕਨਵੀਨੀਐਂਟ ਬੂਥ, ਕਨਵੀਨੀਐਂਟ ਦੁਕਾਨਾਂ ਸ਼ਾਮਲ ਹਨ। 41 ਰਿਹਾਇਸ਼ੀ ਪਲਾਟ ਵੀ ਨਿਲਾਮੀ ਲਈ ਉਪਲੱਬਧ ਹਨ। ਇਨ੍ਹਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿੱਚ 2.20 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਸਕੂਲ ਸਾਈਟ ਅਤੇ ਜਲੰਧਰ ਵਿੱਚ 6.36 ਕਰੋੜ ਰੁਪਏ, 11.73 ਕਰੋੜ ਰੁਪਏ ਅਤੇ 26.89 ਕਰੋੜ ਰੁਪਏ ਦੀ ਕੀਮਤ ਵਾਲੀਆਂ ਤਿੰਨ ਚੰਕ ਸਾਈਟਾਂ ਬੋਲੀ ਲਈ ਉਪਲੱਬਧ ਹਨ। ਇਨ੍ਹਾਂ ਜਾਇਦਾਦਾਂ ਦੀ ਈ-ਨਿਲਾਮੀ 17 ਅਕਤੂਬਰ, 2022 ਤੱਕ ਹੋਵੇਗੀ।
ਬੁਲਾਰੇ ਨੇ ਕਿਹਾ ਕਿ ਜਾਇਦਾਦਾਂ ਦੀ ਰਾਖਵੀਂ ਕੀਮਤ, ਆਲਾ-ਦੁਆਲਾ, ਸਥਾਨ ਸਬੰਧੀ ਯੋਜਨਾਵਾਂ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਸਮੇਤ ਹੋਰ ਵੇਰਵੇ ਉਪਲੱਬਧ ਹਨ। ਨਿਲਾਮੀ ਵਾਲੀਆਂ ਜਾਇਦਾਦਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ ਸਫਲ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਸਾਈਟਾਂ ਦਾ ਕਬਜ਼ਾ ਜਲਦ ਸੌਂਪਣ ਨਾਲ ਅਲਾਟੀਆਂ ਨੂੰ ਜਲਦ ਉਸਾਰੀ ਸ਼ੁਰੂ ਕਰਨ ਅਤੇ ਬਾਅਦ ਵਿੱਚ ਸਾਈਟ (ਰਿਹਾਇਸ਼ੀ ਜਾਂ ਵਪਾਰਕ) ਦੀ ਢੁਕਵੀਂ ਵਰਤੋਂ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ’ਤੇ ਸਾਈਨਅੱਪ ਕਰਕੇ ਉਪਭੋਗਤਾ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਇਸ ਉਪਰੰਤ ਬੋਲੀਕਾਰਾਂ ਨੂੰ ਨੈੱਟ ਬੈਂਕਿੰਗ/ਡੈਬਿਟ ਕਾਰਡ/ਕ੍ਰੈਡਿਟ ਕਾਰਡ/ ਆਰ.ਟੀ.ਜੀ.ਐੱਸ./ਐੱਨ.ਈ.ਐੱਫ.ਟੀ. ਰਾਹੀਂ ਰਿਫੰਡੇਬਲ/ਅਡਜੱਸਟੇਬਲ ਯੋਗਤਾ ਫੀਸ ਜਮ੍ਹਾਂ ਕਰਵਾਉਣੀ ਪਵੇਗੀ।

LEAVE A REPLY

Please enter your comment!
Please enter your name here