ਬੇਅਦਬੀ ਮਾਮਲਿਆਂ ‘ਚ ਸਿੱਟ ਨੇ ਤੇਜ਼ੀ ਫੜੀ

0
6

ਫਰੀਦਕੋਟ (ਨ ਜ਼ ਸ)
2015 ਦੇ ਬੇਅਦਬੀ ਅਤੇ ਬਹਿਬਲ ਕਲਾਂ ਪੁਲਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੈਂਬਰਾਂ ਨੇ ਵੀਰਵਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ, ਜਿੱਥੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਚੋਰੀ ਹੋ ਗਿਆ ਸੀ। ਟੀਮ ਦੀ ਅਗਵਾਈ ਡੀ ਆਈ ਜੀ ਹਰਜੀਤ ਸਿੰਘ ਕਰ ਰਹੇ ਸਨ। ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੁਆਇਨਾ ਕਰਨ ਤੋਂ ਬਾਅਦ ਸਿੱਟ ਨੇ ਬਰਗਾੜੀ ਜਾਣਾ ਸੀ, ਜਿੱਥੇ 12 ਅਕਤੂਬਰ 2015 ਨੂੰ ਪਿੰਡ ਦੀਆਂ ਗਲੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਮਿਲੇ ਸਨ। ਇਸ ਤੋਂ ਬਾਅਦ ਟੀਮ ਬਹਿਬਲ ਕਲਾਂ ਜਾਵੇਗੀ, ਜਿੱਥੇ 14 ਅਕਤੂਬਰ 2015 ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਸ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਘਟਨਾ ਦੇ ਸੀਨ ਨੂੰ ਰੀਕ੍ਰੀਏਟ ਕਰਨ ਵਾਸਤੇ ਉੱਥੇ ਪੁੱਜੀ ਹੈ। ਗੋਲੀਕਾਂਡ ਵਿੱਚ ਸੁਖਬੀਰ ਸਿੰਘ ਬਾਦਲ, ਸਾਬਕਾ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਸਮੇਤ 9 ਵਿਅਕਤੀਆਂ ਖਿਲਾਫ ਚਲਾਨ ਅਦਾਲਤ ਵਿੱਚ ਪੇਸ਼ ਹੋ ਚੁੱਕਾ ਹੈ।