ਦਿਲਜੀਤ ਦੋਸਾਂਝ ‘ਕਾਕਰੋਚਾਂ’ ਤੋਂ ਪਰ੍ਹੇ ਰਹਿਣ ਦੇ ਹੱਕ ‘ਚ

0
5

ਨਵੀਂ ਦਿੱਲੀ (ਨ ਜ਼ ਸ)
ਵਾਰ-ਵਾਰ ਪ੍ਰੀਖਿਆ ਪੇਪਰ ਲੀਕ ਹੋਣ ਅਤੇ ਪ੍ਰੀਖਿਆ ਤੇ ਭਰਤੀ ਪ੍ਰਕਿਰਿਆਵਾਂ ਵਿੱਚ ਬੇਨੇਮੀਆਂ ਦੇ ਮੁੱਦੇ ‘ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਲਈ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ‘ਕਾਕਰੋਚ ਜਨਤਾ ਪਾਰਟੀ’ (ਸੀ ਜੇ ਪੀ) ਦੇ ਪ੍ਰਦਰਸ਼ਨ ਨਾਲ ਦਿਲਜੀਤ ਦੋਸਾਂਝ ਸੰਬੰਧ ਨਹੀਂ ਰੱਖਣਾ ਚਾਹੁੰਦਾ। ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਜਦੋਂ ਇੱਕ ਪ੍ਰਸੰਸਕ ਨੇ ਇਸ ਅੰਦੋਲਨ ਬਾਰੇ ਉਸ ਦੇ ਵਿਚਾਰ ਜਾਣਨੇ ਚਾਹੇ, ਤਾਂ ਦਿਲਜੀਤ ਨੇ ਕਿਹਾ, ‘ਬਾਈ, ਮੈਨੂੰ ਪ੍ਰਦਰਸ਼ਨ ਵਰਗੀਆਂ ਚੀਜ਼ਾਂ ਤੋਂ ਦੂਰ ਹੀ ਰੱਖੋ। ਬਾਈ, ਮੈਂ ਇੱਕ ਕਲਾਕਾਰ ਹਾਂ। ਮੈਂ ਕੋਈ ਨੇਤਾ ਥੋੜ੍ਹੀ ਹਾਂ। ਜ਼ਿੰਦਗੀ ਵਿੱਚ ਸਭ ਕੁਝ ਕਦੇ ਠੀਕ ਨਹੀਂ ਹੋ ਸਕਦਾ। ਇਸ ਦੁਨੀਆ ਵਿੱਚ ਸਭ ਕੁਝ ਠੀਕ ਨਹੀਂ ਹੋ ਸਕਦਾ।’ ਇਸ ਦੇ ਨਾਲ ਹੀ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਗਤੀ ਦਾ ਹਵਾਲਾ ਵੀ ਦਿੱਤਾ : ਨਾਨਕ ਦੁਖੀਆ ਸਭੁ ਸੰਸਾਰੁ£ ਸੋ ਸੁਖੀਆ ਜਿਸੁ ਨਾਮੁ ਅਧਾਰੁ£
ਇਸੇ ਦੌਰਾਨ ਦਿਲਜੀਤ ਦੋਸਾਂਝ ਨੇ ‘ਕਿਊ ਵਿਦ ਟੌਮ ਪਾਵਰ’ ਪੌਡਕਾਸਟ ਵਿੱਚ ਸੰਗੀਤ ਅਤੇ ਅਦਾਕਾਰੀ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਗੁਜ਼ਾਰਾ ਕਰਨ ਲਈ ਜਨਮ ਦਿਨ ਦੀਆਂ ਪਾਰਟੀਆਂ ਤੇ ਵਿਆਹਾਂ ਵਿੱਚ ਪ੍ਰੋਗਰਾਮ ਲਾਉਂਦਾ ਸੀ। ਦੋਸਾਂਝ ਨੇ ਕਿਹਾ ਕਿ ਗਰੀਬੀ ਵਿੱਚ ਪਲੇ ਹੋਣ ਕਾਰਨ ਉਸ ਨੂੰ ਪੈਸੇ ਦੀ ਅਹਿਮੀਅਤ ਸਮਝ ਆਈ ਅਤੇ ਇਸੇ ਕਾਰਨ ਉਸ ਨੇ ਆਪਣੇ ਕੋਲ ਆਏ ਹਰ ਮੌਕੇ ਨੂੰ ਸਵੀਕਾਰ ਕੀਤਾ। ਪਰਵਾਰ ਦੀਆਂ ਆਰਥਕ ਮੁਸ਼ਕਲਾਂ ਨੇ ਉਸ ਨੂੰ ਲਗਾਤਾਰ ਸਖਤ ਮਿਹਨਤ ਕਰਨ ਲਈ ਪ੍ਰੇਰਤ ਕੀਤਾ। ਉਸ ਨੇ ਕਿਹਾ, ‘ਮੈਂ ਇੱਕ ਗਰੀਬ ਪਰਵਾਰ ਤੋਂ ਆਇਆ ਹਾਂ। ਸਾਡਾ ਪਰਵਾਰ ਔਸਤ ਤੋਂ ਵੀ ਕਮਜ਼ੋਰ ਆਰਥਕ ਸਥਿਤੀ ਵਾਲਾ ਸੀ। ਜੇ ਕੋਈ ਬਿਮਾਰ ਪੈ ਜਾਂਦਾ ਸੀ ਤਾਂ ਡਾਕਟਰ ਕੋਲ ਜਾਣ ਲਈ ਪੈਸੇ ਨਹੀਂ ਹੁੰਦੇ ਸਨ, ਇਸ ਲਈ ਤੁਸੀਂ ਬਿਮਾਰ ਨਹੀਂ ਪੈ ਸਕਦੇ, ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਹਨ।’
‘ਅਮਰ ਸਿੰਘ ਚਮਕੀਲਾ’ ਫਿਲਮ ਦੇ ਅਦਾਕਾਰ ਨੇ ਕਿਹਾ ਕਿ ਉਹ ਹਮੇਸ਼ਾ ‘ਅਮੀਰ ਅਤੇ ਮਸ਼ਹੂਰ’ ਬਣਨ ਦਾ ਸੁਪਨਾ ਦੇਖਦਾ ਸੀ, ਕਿਉਂਕਿ ਆਰਥਕ ਸੁਰੱਖਿਆ ਜ਼ਰੂਰੀ ਸੀ।