ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਦਰਮਿਆਨ ਆਪਣੀ ਚੁੱਪੀ ਤੋੜਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਨਿੱਚਰਵਾਰ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾ ਦੇ ਵੱਡੇ ਭਰਾ ਵਰਗੇ ਹਨ। ਵੜਿੰਗ ਨੇ ਕਿਹਾ ਕਿ ਚੰਨੀ ਸਾਹਿਬ ਸਾਡੇ ਵੱਡੇ ਭਰਾ, ਇੱਕ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਹਨ। ਜੇਕਰ ਕੁਝ ਕਾਂਗਰਸੀ ਆਗੂ ਉਨ੍ਹਾ ਦੇ ਘਰ ਮਿਲਦੇ ਹਨ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ। ਕੱਲ੍ਹ ਨੂੰ ਆਗੂ ਮੇਰੀ ਰਿਹਾਇਸ਼ ‘ਤੇ ਜਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵੀ ਇਕੱਠੇ ਹੋ ਸਕਦੇ ਹਨ। ਇਸ ਨੂੰ ਅੰਦਰੂਨੀ ਲੜਾਈ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ।”
ਉਨ੍ਹਾ ਅੰਦਰੂਨੀ ਫੁੱਟ ਦੇ ਖਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕੋਈ ਗੁੱਟਬਾਜ਼ੀ ਨਹੀਂ ਅਤੇ ਭਰੋਸਾ ਪ੍ਰਗਟਾਇਆ ਕਿ ਅਗਲੇ ਇੱਕ ਜਾਂ ਦੋ ਦਿਨਾਂ ਦੇ ਅੰਦਰ ਸਾਰੇ ਸੀਨੀਅਰ ਆਗੂ ਇੱਕ ਸਾਂਝੀ ਸਟੇਜ ‘ਤੇ ਇਕੱਠੇ ਦਿਖਾਈ ਦੇਣਗੇ। ਇਹ ਸਪੱਸ਼ਟ ਕਰਦਿਆਂ ਕਿ ਨਾ ਤਾਂ ਚੰਨੀ ਅਤੇ ਨਾ ਹੀ ਕਿਸੇ ਹੋਰ ਸੀਨੀਅਰ ਆਗੂ ਨੇ ਪਾਰਟੀ ਦੇ ਹਿੱਤਾਂ ਦੇ ਖ਼ਿਲਾਫ਼ ਕੋਈ ਕੰਮ ਕੀਤਾ ਹੈ। ਵੜਿੰਗ ਨੇ ਕਿਹਾ ਕਿ ਉਨ੍ਹਾ ਸਾਬਕਾ ਵਿਧਾਇਕਾਂ ਜਾਂ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਜਾਂ ਅਨੁਸ਼ਾਸਨਹੀਣਤਾ ਕਰਦੇ ਪਾਏ ਜਾਣਗੇ।
ਜਲੰਧਰ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਸਥਿਤ ਆਪਣੇ ਗ੍ਰਹਿ ਵਿਖੇ ਕੀਤੇ ਗਏ ਵੱਡੇ ਸ਼ਕਤੀ ਪ੍ਰਦਰਸ਼ਨ ਦੌਰਾਨ ਉਨ੍ਹਾ ਦੇ ਆਪਣੇ ਹੀ ਸੰਸਦੀ ਹਲਕੇ (ਜਲੰਧਰ) ਦੀ ਨਿਰਾਸ਼ਾਜਨਕ ਨੁਮਾਇੰਦਗੀ ਦੇਖਣ ਨੂੰ ਮਿਲੀ। ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਚੰਨੀ ਆਪਣੇ ਲੋਕ ਸਭਾ ਹਲਕੇ ਦੇ ਆਗੂਆਂ ਦਾ ਸਮਰਥਨ ਜੁਟਾਉਣ ਵਿੱਚ ਨਾਕਾਮ ਸਾਬਤ ਹੋਏ ਹਨ।
ਜਲੰਧਰ ਦੇ ਕਾਂਗਰਸ ਪਾਰਟੀ ਦੇ 5 ਵਿਧਾਇਕਾਂ ਵਿੱਚੋਂ ਸਿਰਫ਼ ਇੱਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹੀ ਚੰਨੀ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਮੋਰਿੰਡਾ ਪਹੁੰਚੇ, ਜਦ ਕਿ ਬਾਕੀ 4 ਵਿਧਾਇਕਾਂ ਨੇ ਇਸ ਸਮਾਗਮ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਚੰਨੀ ਦੇ ਇਸ ਸ਼ੋਅ ਤੋਂ ਦੂਰ ਰਹਿਣ ਵਾਲੇ ਵਿਧਾਇਕਾਂ ਵਿੱਚ ਪਰਗਟ ਸਿੰਘ, ਸੁਖਵਿੰਦਰ ਕੋਟਲੀ, ਬਾਬਾ ਹੈਨਰੀ ਅਤੇ ਵਿਕਰਮਜੀਤ ਚੌਧਰੀ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਹਲਕੇ ਤੋਂ ਚੰਨੀ ਦੀ ਖੁੱਲ੍ਹ ਕੇ ਮਦਦ ਕਰਨ ਵਾਲੇ ਵਿਧਾਇਕ ਪਰਗਟ ਸਿੰਘ ਅਤੇ ਸੁਖਵਿੰਦਰ ਕੋਟਲੀ ਵੀ ਇਸ ਵਾਰ ਮੋਰਿੰਡਾ ਫੇਰੀ ਤੋਂ ਕਿਨਾਰਾ ਕਰ ਗਏ। ਵਿਕਰਮਜੀਤ ਚੌਧਰੀ ਅਤੇ ਚੰਨੀ ਦੇ ਸੰਬੰਧ ਪਹਿਲਾਂ ਹੀ ਤਲਖ਼ ਰਹੇ ਹਨ, ਕਿਉਂਕਿ ਚੌਧਰੀ ਨੇ ਚੋਣਾਂ ਦੌਰਾਨ ਚੰਨੀ ਦੀ ਉਮੀਦਵਾਰੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਚੌਧਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਾਈਕਮਾਂਡ ਨੇ ਜੋ ਵੀ ਫੈਸਲਾ ਲਿਆ ਹੈ, ਅਸੀਂ ਪੂਰੀ ਤਰ੍ਹਾਂ ਉਸ ਦੇ ਨਾਲ ਖੜ੍ਹੇ ਹਾਂ।
ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਪਰਗਟ ਸਿੰਘ ਖੁਦ ਵੀ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਹਨ। ਜਲੰਧਰ ਦੇ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਚੰਨੀ ਪਹਿਲਾਂ ਹੀ ਲੋਕ ਸਭਾ ਮੈਂਬਰ ਹਨ ਅਤੇ ਪਾਰਟੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮੌਜੂਦਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਲੜਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਅਜਿਹੇ ਵਿੱਚ ਚੰਨੀ ਨੂੰ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਮਿਲੀ ਵੱਡੀ ਜ਼ਿੰਮੇਵਾਰੀ ‘ਤੇ ਹੀ ਸੰਤੋਸ਼ ਕਰਨਾ ਚਾਹੀਦਾ ਹੈ। ਜਲੰਧਰ ਦੇ ਕਾਂਗਰਸੀ ਖੇਮੇ ਵਿੱਚ ਇਹ ਚਰਚਾ ਵੀ ਆਮ ਹੈ ਕਿ ਚੰਨੀ ਇਸ ਵੇਲੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਰਾਡਾਰ ‘ਤੇ ਹਨ, ਜਿਸ ਕਾਰਨ ਪਾਰਟੀ ਨੂੰ ਕੋਈ ਵੀ ਵੱਡੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਇਸ ਤੋਂ ਇਲਾਵਾ ਜਲੰਧਰ ਦੇ ਵਿਧਾਇਕ ਐੱਮ ਪੀ ਲੈਡ ਫੰਡਾਂ ਦੀ ਵੰਡ ਦੇ ਮਾਮਲੇ ਵਿੱਚ ਵੀ ਸਾਂਸਦ ਚੰਨੀ ਵੱਲੋਂ ਉਨ੍ਹਾਂ ਨੂੰ ਭਰੋਸੇ ਵਿੱਚ ਨਾ ਲਏ ਜਾਣ ਕਾਰਨ ਅੰਦਰਖਾਤੇ ਖਫ਼ਾ ਦੱਸੇ ਜਾ ਰਹੇ ਹਨ। ਹਾਲਾਂ ਕਿ ਜਲੰਧਰ ਹਲਕੇ ਦੇ ਕੁਝ ਹੋਰ ਪ੍ਰਮੁੱਖ ਚਿਹਰੇ ਚੰਨੀ ਦੇ ਹੱਕ ਵਿੱਚ ਹਾਜ਼ਰੀ ਲਗਵਾਉਣ ਜ਼ਰੂਰ ਪਹੁੰਚੇ, ਇਹਨਾਂ ਵਿੱਚ ਨਕੋਦਰ ਤੋਂ ਹਲਕਾ ਇੰਚਾਰਜ ਡਾ. ਨਵਜੋਤ ਦਹੀਆ, ਕਰਤਾਰਪੁਰ ਤੋਂ ਰਾਜਿੰਦਰ ਸਿੰਘ, ਜਲੰਧਰ ਸੈਂਟਰਲ ਤੋਂ ਰਾਜਿੰਦਰ ਬੇਰੀ ਸ਼ਾਮਲ ਸਨ।




