ਜਲੰਧਰ : ਇੰਟਰਨੈੱਟ ‘ਤੇ ਇੱਕ ਬੇਹੱਦ ਖ਼ੂਬਸੂਰਤ ਅਤੇ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਜ਼ਾਰਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਕਲਿੱਪ ਵਿੱਚ ਇੱਕ ਬਜ਼ੁਰਗ ਸਿੱਖ ਸ਼ਰਧਾਲੂ ਬੜੇ ਸ਼ਾਂਤ ਚਿੱਤ ਨਾਲ ਲੰਗਰ ਹਾਲ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਹਨ। ਇਸੇ ਦੌਰਾਨ ਇੱਕ ਨਿੱਕੀ ਜਿਹੀ ਚਿੜੀ ਆਉਂਦੀ ਹੈ ਅਤੇ ਸਿੱਧੀ ਉਨ੍ਹਾਂ ਦੀ ਲੰਗਰ ਵਾਲੀ ਥਾਲੀ ‘ਤੇ ਆ ਕੇ ਬੈਠ ਜਾਂਦੀ ਹੈ। ਉਹ ਚਿੜੀ ਬਿਨਾਂ ਕਿਸੇ ਡਰ ਦੇ ਬਜ਼ੁਰਗ ਦੀ ਥਾਲੀ ਵਿੱਚੋਂ ਖ਼ੁਦ ਵੀ ਲੰਗਰ ਦੀਆਂ ਕਣੀਆਂ ਚੁਗਣ ਲੱਗ ਪੈਂਦੀ ਹੈ। ਆਮ ਤੌਰ ‘ਤੇ ਅਜਿਹੀ ਸਥਿਤੀ ਵਿੱਚ ਲੋਕ ਪੰਛੀਆਂ ਨੂੰ ਦੂਰ ਭਜਾ ਦਿੰਦੇ ਹਨ, ਪਰ ਇਸ ਬਜ਼ੁਰਗ ਨੇ ਅਜਿਹਾ ਬਿਲਕੁਲ ਨਹੀਂ ਕੀਤਾ। ਉਨ੍ਹਾਂ ਨੇ ਬੇਹੱਦ ਸਹਿਜਤਾ ਅਤੇ ਦਇਆ ਨਾਲ ਚਿੜੀ ਨੂੰ ਆਪਣੇ ਨਾਲ ਓਸੇ ਥਾਲੀ ਵਿੱਚੋਂ ਭੋਜਨ ਛਕਣ ਦਿੱਤਾ। ਇਸ ਭਾਵੁਕ ਪਲ ਨੂੰ ਦੇਖ ਕੇ ਸੋਸ਼ਲ ਮੀਡੀਆ ਵਰਤੋਂਕਾਰ ਇਸ ਨੂੰ ਇਨਸਾਨੀਅਤ, ਨਿਮਰਤਾ ਅਤੇ ਸਾਰੀਆਂ ਜੀਵ-ਜੰਤੂਆਂ ਦੇ ਆਪਸੀ ਸਹਿ-ਹੋਂਦ ਦੀ ਇੱਕ ਬੇਮਿਸਾਲ ਉਦਾਹਰਨ ਦੱਸ ਰਹੇ ਹਨ।
ਤੀਜਨ ਬਾਈ ਦਾ ਦੇਹਾਂਤ
ਰਾਏਪੁਰ : ਛੱਤੀਸਗੜ੍ਹ ਦੀ ਲੋਕ ਕਲਾ ‘ਪੰਡਵਾਨੀ’ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿਵਾਉਣ ਵਾਲੀ ਗਾਇਕਾ ਤੀਜਨ ਬਾਈ (70) ਨੇ ਸ਼ਨੀਵਾਰ ਰਾਤ 3:15 ਵਜੇ ਇੱਥੇ ਏਮਜ਼ ਵਿਖੇ ਆਖਰੀ ਸਾਹ ਲਿਆ। ਭਾਰਤੀ ਲੋਕ ਕਲਾ ਵਿੱਚ ਸ਼ਾਨਦਾਰ ਯੋਗਦਾਨ ਲਈ ਉਸ ਨੂੰ ਪਦਮਸ੍ਰੀ, ਪਦਮ ਭੂਸ਼ਣ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਪੰਡਵਾਨੀ ਇੱਕ ਅਜਿਹੀ ਰਵਾਇਤੀ ਨਾਟਕੀ ਲੋਕ ਕਲਾ ਹੈ, ਜਿਸ ਵਿੱਚ ਸੰਗੀਤ ਤੇ ਸ਼ਾਨਦਾਰ ਗਾਇਕੀ ਦੇ ਸੁਮੇਲ ਰਾਹੀਂ ਮਹਾਭਾਰਤ ਦੇ ਪ੍ਰਸੰਗਾਂ ਤੇ ਪਾਂਡਵਾਂ ਦੀ ਕਥਾ ਨੂੰ ਸੁਣਾਇਆ ਜਾਂਦਾ ਹੈ।
ਪ੍ਰਸ਼ਾਂਤ ਕਿਸ਼ੋਰ ਚੋਣ ਮੈਦਾਨ ‘ਚ
ਪਟਨਾ : ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਅਸੈਂਬਲੀ ਦੇ ਬਾਂਕੀਪੁਰ ਹਲਕੇ ਦੀ 30 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਲਈ ਐਤਵਾਰ ਜਨ ਸੂਰਜ ਪਾਰਟੀ ਦਾ ਖੁਦ ਨੂੰ ਉਮੀਦਵਾਰ ਐਲਾਨਿਆ। ਨਿਤਿਨ ਨਬੀਨ ਦੇ ਰਾਜ ਸਭਾ ਲਈ ਚੁਣੇ ਜਾਣ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਵਜੋਂ ਦਿੱਲੀ ਤਬਦੀਲ ਹੋਣ ਤੋਂ ਬਾਅਦ ਬਾਂਕੀਪੁਰ ਸੀਟ ਖਾਲੀ ਹੋ ਗਈ ਸੀ। ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰਨ ਵਾਲੇ ਕਿਸ਼ੋਰ ਨੇ ਕਿਹਾ, ‘ਇਹ ਉਪ ਚੋਣ ਸਮਰਾਟ ਚੌਧਰੀ ਦੀ ਦੋ ਮਹੀਨੇ ਪੁਰਾਣੀ ਸਰਕਾਰ ਦੇ ਕੰਮ ‘ਤੇ ਰੈਫਰੈਂਡਮ ਹੋਵੇਗੀ। ਭਾਜਪਾ ਜਿੱਤੀ ਤਾਂ ਮੈਨੂੰ ਇਹ ਤਸਲੀਮ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਵੇਗੀ ਕਿ ਉਸ ਨੂੰ ਲੋਕਾਂ ਦੀ ਹਮਾਇਤ ਹਾਸਲ ਹੈ। ਜੇ ਅਸੀਂ ਜਿੱਤੇ ਤਾਂ ਉਨ੍ਹਾਂ ਨੂੰ ਸੋਚਣਾ ਪੈਣਾ ਕਿ ਲੋਕ ਕੀ ਸੋਚਦੇ ਹਨ।’
ਤੁਰ ਗਿਆ ‘ਨੰਜੀ’
ਅੰਮ੍ਰਿਤਸਰ : ਇਤਿਹਾਸਕ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪੀੜ੍ਹੀਆਂ ਦੇ ਵਿਦਿਆਰਥੀਆਂ ਵਿੱਚ ‘ਨੰਜੀ’ ਦੇ ਨਾਂਅ ਨਾਲ ਜਾਣੇ ਜਾਂਦੇ ਨਿਰੰਜਨ ਸਿੰਘ (83) ਸ਼ਨਿੱਚਰਵਾਰ ਸ਼ਾਮ ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਨਾਲ ਖ਼ਾਲਸਾ ਕਾਲਜ ਦੇ ਮੌਜੂਦਾ ਅਤੇ ਪੁਰਾਣੇ ਵਿਦਿਆਰਥੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਨਿਰੰਜਨ ਸਿੰਘ ਪਿਛਲੇ ਪੰਜ ਦਹਾਕਿਆਂ ਦੇ ਵੀ ਵੱਧ ਸਮੇਂ ਤੋਂ ਖ਼ਾਲਸਾ ਕਾਲਜ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਆਪਣੀ ਮਸ਼ਹੂਰ ‘ਨਿਰੰਜਨ ਚਾਹ ਸਟਾਲ’ ਚਲਾ ਰਹੇ ਸਨ। ਉਨ੍ਹਾਂ ਦੇ ਹੱਥ ਦੀ ਬਣੀ ਚਾਹ, ਗਰਮਾ-ਗਰਮ ਸਮੋਸੇ ਅਤੇ ਓਮਲੇਟ ਦਾ ਸਵਾਦ ਹਜ਼ਾਰਾਂ ਵਿਦਿਆਰਥੀਆਂ, ਖੋਜਾਰਥੀਆਂ ਅਤੇ ਇੱਥੇ ਆਉਣ ਵਾਲੇ ਲੋਕਾਂ ਦੀਆਂ ਯਾਦਾਂ ਦਾ ਅਹਿਮ ਹਿੱਸਾ ਰਿਹਾ ਹੈ। ‘ਨੰਜੀ’ ਦਾ ਵਿਦਿਆਰਥੀਆਂ ਨਾਲ ਰਿਸ਼ਤਾ ਸਿਰਫ਼ ਇੱਕ ਦੁਕਾਨਦਾਰ ਅਤੇ ਗਾਹਕ ਵਾਲਾ ਨਹੀਂ ਸੀ, ਸਗੋਂ ਬਹੁਤ ਖ਼ਾਸ ਸੀ। ਉਹ ਵਿਦਿਆਰਥੀਆਂ ਦੀ ਦੇਖਭਾਲ ਬਿਲਕੁਲ ਇੱਕ ਮਾਪੇ ਵਾਂਗ ਕਰਦੇ ਸਨ। ਉਨ੍ਹਾਂ ਦੀ ਇਹ ਸਟਾਲ ਇੱਕ ਅਜਿਹਾ ਮਿਲਣ ਕੇਂਦਰ ਸੀ, ਜਿੱਥੇ ਅਣਗਿਣਤ ਦੋਸਤੀਆਂ ਦੀ ਸ਼ੁਰੂਆਤ ਹੋਈ ਅਤੇ ਯਾਦਾਂ ਸਿਰਜੀਆਂ ਗਈਆਂ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀਆਂ ਦਾ ਹੜ੍ਹ ਆ ਗਿਆ।




