ਹੁਸ਼ਿਆਰਪੁਰ ਤੇ ਜਲਾਲਾਬਾਦ ‘ਚ ‘ਆਪ’ ਦੀ ਵੱਡੀ ਜਿੱਤ

0
9

ਚੰਡੀਗੜ੍ਹ : ਹੁਸ਼ਿਆਰਪੁਰ ਨਗਰ ਨਿਗਮ ਤੇ ਜਲਾਲਾਬਾਦ ਨਗਰ ਕੌਂਸਲ ਲਈ ਸ਼ਾਂਤਮਈ ਪਈਆਂ ਵੋਟਾਂ ਦੀ ਹੋਈ ਗਿਣਤੀ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ ਹੈ।
ਹੁਸ਼ਿਆਰਪੁਰ (ਓ ਪੀ ਰਾਣਾ/ਬਲਬੀਰ ਸੈਣੀ) : ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਆਪ ਨੇ 50 ਵਿਚੋਂ 35 ਵਾਰਡਾਂ ਵਿਚ ਜਿੱਤ ਦਰਜ ਕਰਕੇ ਵਿਰੋਧੀਆਂ ਪਾਰਟੀਆਂ ਨੂੰ ਨੁਕਰੇ ਲਾ ਦਿੱਤਾ ਹੈ। ਕਾਂਗਰਸ 9 ਸੀਟਾਂ ਅਤੇ ਭਾਜਪਾ 3 ਸੀਟਾਂ ‘ਤੇ ਸੀਮਤ ਹੋ ਗਈ। ਤਿੰਨ ਸੀਟਾਂ ‘ਤੇ ਆਜ਼ਾਦ ਉਮੀਦਵਾਰ ਕਾਮਯਾਬ ਹੋਏ।
ਜਲਾਲਾਬਾਦ (ਬਲਵਿੰਦਰ ਸਿੰਘ) : ਜ਼ਿਲ੍ਹਾ ਫ਼ਾਜ਼ਿਲਕਾ ਦੀ ਨਗਰ ਕੌਂਸਲ ਜਲਾਲਾਬਾਦ ਵਿਖੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਆਪ ਨੇ 12, ਕਾਂਗਰਸ ਨੇ 4 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਉੱਤੇ ਜਿੱਤ ਦਰਜ ਕੀਤੀ ਹੈ। ਬੀਤੇ ਮਹੀਨੇ ਪੰਜਾਬ ਭਰ ਵਿੱਚ ਹੋਈਆਂ ਨਗਰ ਨਿਗਮ, ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਜਲਾਲਾਬਾਦ ਵਿੱਚ ਵਾਰਡਬੰਦੀ ਮੁਕੰਮਲ ਨਾ ਹੋਣ ਕਰਕੇ ਚੋਣ ਨਹੀਂ ਹੋ ਸਕੀ ਸੀ। ਇਨ੍ਹਾਂ ਨਤੀਜਿਆਂ ਵਿੱਚ ਸੱਤਾਧਾਰੀ ਧਿਰ ਨੇ ਬਹੁਮਤ ਹਾਸਲ ਕਰਕੇ ਆਪਣਾ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਸ਼ਹਿਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਇਸ ਜਿੱਤ ਦਾ ਸਿਹਰਾ ਦਿੱਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਨੇ ਸੱਤਾਧਾਰੀ ਧਿਰ ਦੇ ਵਿਧਾਇਕ ‘ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਵੀ ਲਗਾਏ ਹਨ।
ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਵਿਚੋਂ 13 ਵਾਰਡਾਂ ‘ਤੇ ਜਿੱਤ ਹਾਸਲ ਕਰਕੇ ਨਗਰ ਕੌਂਸਲ ਵਿਚ ਆਪਣਾ ਬਹੁਮਤ ਸਥਾਪਿਤ ਕਰ ਲਿਆ ਹੈ। ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ।