ਚੰਡੀਗੜ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਦੇ ਸਾਬਕਾ ਵਿਧਾਇਕਾਂ, ਮੌਜੂਦਾ ਤੇ ਸਾਬਕਾ ਪੁਲਸ ਅਧਿਕਾਰੀਆਂ ਸਣੇ ਕਈ ਵੀ ਆਈ ਪੀਜ਼ ਦੀ ਸੁਰੱਖਿਆ ‘ਚ ਕਟੌਤੀ ਕਰ ਦਿੱਤੀ ਹੈ | ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਈ ਧਾਰਮਿਕ ਆਗੂਆਂ ਦੀ ਸੁਰੱਖਿਆ ‘ਚ ਵੀ ਕਟੌਤੀ ਕੀਤੀ ਹੈ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ ‘ਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਿੰਨ ਮੌਜੂਦਾ ਏ ਡੀ ਜੀ ਪੀ ਤੇ ਡੇਰਾ ਮੁਖੀ ਸ਼ਾਮਲ ਹਨ | ਸਰਕਾਰ ਨੇ ਡੇਰਾ ਰਾਧਾ ਸੁਆਮੀ ਬਿਆਸ ਦੀ ਸੁਰੱਖਿਆ ਤੋਂ 10 ਮੁਲਾਜ਼ਮ ਵੀ ਵਾਪਸ ਲੈ ਲਏ ਗਏ ਹਨ | ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਦੀ ਸੁਰੱਖਿਆ ‘ਚੋਂ ਦੋ ਮੁਲਾਜ਼ਮ ਵਾਪਸ ਲੈ ਲਏ ਗਏ ਹਨ |
ਪੰਜਾਬ ਦੇ ਸਾਬਕਾ ਡੀ ਜੀ ਪੀ ਸ੍ਰੀ ਪੀ ਸੀ ਡੋਗਰਾ ਦੀ ਸੁਰੱਖਿਆ ‘ਚੋਂ ਇੱਕ ਮੁਲਾਜ਼ਮ ਵਾਪਸ ਲੈ ਲਿਆ ਗਿਆ ਹੈ | ਉਹ ਏ ਡੀ ਜੀ ਪੀ ਗੌਰਵ ਯਾਦਵ ਦਾ ਸਹੁਰਾ ਹੈ, ਜੋ ਵਰਤਮਾਨ ਵਿੱਚ ਸੀ ਐੱਮ ਓ ‘ਚ ਤਾਇਨਾਤ ਹੈ | ਕੁਝ ਦਿਨ ਪਹਿਲਾਂ ਵੀ ਪੰਜਾਬ ਸਰਕਾਰ ਨੇ ਕਈ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ | ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਪੁਲਸ ਵਲੋਂ ਮਿਲੇ ਹੋਏ ਸਾਰੇ ਸੁਰੱਖਿਆ ਕਰਮਚਾਰੀ ਅਤੇ ਗੱਡੀਆਂ ਵਾਪਸ ਕਰ ਦਿੱਤੀਆਂ ਹਨ | ਇਸ ਦੀ ਜਾਣਕਾਰੀ ਖੁਦ ਜਥੇਦਾਰ ਵਲੋਂ ਦਿੱਤੀ ਹੈ | ਉਨ੍ਹਾ ਇਸ ਸੰਬੰਧ ‘ਚ ਵੀਡੀਓ ਸੁਨੇਹਾ ਵੀ ਮੀਡੀਆ ਲਈ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾ ਦੱਸਿਆ ਕਿ ਸ਼ਨੀਵਾਰ ਪੁਲਸ ਵੱਲੋਂ ਉਨ੍ਹਾ ਦੀ ਸੁਰੱਖਿਆ ਛਤਰੀ ‘ਚ ਸ਼ਾਮਲ 3 ਪੁਲਸ ਕਰਮਚਾਰੀਆਂ ਨੂੰ ਵਾਪਸ ਸੱਦ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾ ਬਾਕੀ ਰਹਿ ਗਏ ਤਿੰਨ ਸੁਰੱਖਿਆ ਕਰਮਚਾਰੀ ਵੀ ਵਾਪਸ ਭੇਜ ਦਿੱਤੇ ਹਨ | ਉਨ੍ਹਾ ਕਿਹਾ ਕਿ ਮੇਰੀ ਸੁਰੱਖਿਆ ਵਾਸਤੇ ਸਿੱਖ ਨੌਜਵਾਨ ਹੀ ਕਾਫੀ ਹਨ | ਉਨ੍ਹਾ ਕਿਹਾ ਕਿ ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ | ਉਨ੍ਹਾ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਸ ਵੱਲੋਂ ਇਕ ਸੁਰੱਖਿਆ ਕਰਮਚਾਰੀ ਨੂੰ ਵਾਪਸ ਸੱਦ ਲਿਆ ਗਿਆ ਸੀ | ਹੁਣ ਉਨ੍ਹਾ ਕੋਲ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਸੁਰੱਖਿਆ ਕਰਮਚਾਰੀ ਮੌਜੂਦ ਹਨ |
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਨੀਵਾਰ ਸਰਕਾਰੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ | ਗਿਆਨੀ ਰਘਬੀਰ ਸਿੰਘ ਨੇ ਆਪਣੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਆਪੋ-ਆਪਣੇ ਹੈੱਡ ਕੁਆਰਟਰਾਂ ‘ਤੇ ਜਾਣ ਲਈ ਕਹਿ ਦਿੱਤਾ ਹੈ | ਇਸ ਸੰਬੰਧੀ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਸਰਕਾਰੀ ਸੁਰੱਖਿਆ ਦੀ ਕੋਈ ਲੋੜ ਨਹੀਂ, ਉਹ ਸਵੈ-ਰੱਖਿਆ ਕਰਨ ਦੇ ਸਮਰੱਥ ਹਨ |