‘ਸਤਲੁਜ’ ਦਹਿਸ਼ਤਗਰਦੀ ਦੇ ਦੌਰ ਦਾ ਇੱਕਪਾਸੜ ਬਿਰਤਾਂਤ : ਬਿੱਟੂ

0
12

ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਲਮ ‘ਸਤਲੁਜ’ ਦੇ ਨਿਰਮਾਤਾਵਾਂ ਅਤੇ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ‘ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਦਿਲਜੀਤ ਦੋਸਾਂਝ ਨੂੰ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੀਡੀਆ ਨਾਲ ਗੱਲਬਾਤ ਵਿੱਚ ਬਿੱਟੂ ਨੇ ਦਾਅਵਾ ਕੀਤਾ ਕਿ ਜਿੱਥੇ ਇੱਕ ਪਾਸੇ ਦੋਸਾਂਝ ਖਾਲਿਸਤਾਨੀ ਸਮਰਥਕਾਂ ਨੂੰ ਆਪਣੇ ਸ਼ੋਅ ਛੱਡ ਕੇ ਜਾਣ ਲਈ ਕਹਿੰਦੇ ਹਨ, ਉੱਥੇ ਹੀ ਉਹ ਦੂਜੇ ਪਾਸੇ ਫਿਲਮ ਰਾਹੀਂ ਉਸ ਚੀਜ਼ ਨੂੰ ਉਤਸ਼ਾਹਤ ਕਰ ਰਹੇ ਹਨ।
ਬਿੱਟੂ, ਜੋ ਕਿ ਪੰਜਾਬ ਦੇ ਮਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਨੇ ਓ ਟੀ ਟੀ ਪਲੇਟਫਾਰਮ ਤੋਂ ‘ਸਤਲੁਜ’ ਨੂੰ ਹਟਾਏ ਜਾਣ ਦੇ ਵਿਵਾਦ ‘ਤੇ ਆਪਣੀ ਚੁੱਪ ਤੋੜੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਕਿ ਫਿਲਮ ਨੂੰ ਹਟਾਉਣ ਪਿੱਛੇ ਬਿੱਟੂ ਦਾ ਹੱਥ ਹੈ, ਦਾ ਬਿੱਟੂ ਨੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਆਪਣੇ ਦਾਦਾ ਦੀ ਵਿਰਾਸਤ ਦਾ ਬਚਾਅ ਕਰਦਿਆਂ ਤਰਕ ਦਿੱਤਾ ਕਿ ਇਹ ਫਿਲਮ ਪੰਜਾਬ ਵਿੱਚ ਦਹਿਸ਼ਤਗਰਦੀ ਦੇ ਦੌਰ ਦਾ ‘ਇੱਕਪਾਸੜ ਬਿਰਤਾਂਤ’ ਪੇਸ਼ ਕਰਦੀ ਹੈ। ਉਨ੍ਹਾ ਕਿਹਾ ਕਿ ਉਸ ਦੌਰ ਦਾ ਕੋਈ ਵੀ ਇਮਾਨਦਾਰੀ ਨਾਲ ਕੀਤਾ ਗਿਆ ਮੁਲਾਂਕਣ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ, ਜਦੋਂ ਤੱਕ ਸਿਰਫ ਸਰਕਾਰ ਦੀਆਂ ਕਾਰਵਾਈਆਂ ਨੂੰ ਹੀ ਨਹੀਂ, ਸਗੋਂ ਦਹਿਸ਼ਤਗਰਦ ਸਮੂਹਾਂ ਵੱਲੋਂ ਫੈਲਾਈ ਗਈ ਹਿੰਸਾ ਨੂੰ ਵੀ ਉਸ ਵਿੱਚ ਸ਼ਾਮਲ ਨਾ ਕੀਤਾ ਜਾਵੇ। ਬਿੱਟੂ ਨੇ ਕਿਹਾ, ‘ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ, ਅੱਧੀ ਕਹਾਣੀ ਦਾ ਨਹੀਂ।’
ਬਿੱਟੂ ਨੇ ਕਿਹਾ ਕਿ ਫਿਲਮ ਵਿੱਚ ਉਸ ਦੌਰ ਨੂੰ ਜਿਸ ਤਰੀਕੇ ਨਾਲ ਦਿਖਾਇਆ ਗਿਆ ਹੈ, ਉਹ 1980 ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਜਿਨ੍ਹਾਂ ਗੁੰਝਲਦਾਰ ਹਾਲਾਤ ਵਿੱਚੋਂ ਲੰਘਿਆ ਸੀ, ਉਸ ਦੇ ਪੂਰੇ ਸੱਚ ਨੂੰ ਟਾਲਦਾ ਹੈ। ਉਨ੍ਹਾ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਹਵਾਲਾ ਦਿੱਤਾ, ਜਿਨ੍ਹਾ ਦਾ ਲਾਪਤਾ ਹੋਣਾ ਅਤੇ ਮਾਰੇ ਜਾਣਾ ਇਸ ਫਿਲਮ ਦੀ ਕਹਾਣੀ ਦੇ ਕੇਂਦਰ ਵਿੱਚ ਹੈ। ਬਿੱਟੂ ਨੇ ਸਵਾਲ ਉਠਾਇਆ ਕਿ ਜੇ ਸਰਕਾਰ ਅਸਹਿਮਤੀ ਦੀ ਆਵਾਜ਼ ਨੂੰ ਉਵੇਂ ਹੀ ਦਬਾ ਰਹੀ ਸੀ, ਜਿਵੇਂ ਫਿਲਮ ਵਿੱਚ ਦਿਖਾਇਆ ਗਿਆ ਹੈ, ਤਾਂ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਖਾਲੜਾ ਆਪਣਾ ਕੰਮ ਜਾਰੀ ਰੱਖਣ ਅਤੇ ਵਿਦੇਸ਼ ਯਾਤਰਾ ਕਰਨ ਦੇ ਯੋਗ ਕਿਵੇਂ ਸਨ? ਉਨ੍ਹਾ ਕਿਹਾ, ‘ਇਸ ਸਵਾਲ ਦਾ ਵੀ ਇੱਕ ਇਮਾਨਦਾਰ ਜਵਾਬ ਮਿਲਣਾ ਚਾਹੀਦਾ ਹੈ।’
ਉਨ੍ਹਾ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਨੂੰ ਕਿਸੇ ਇੱਕ ਭਾਈਚਾਰੇ ਜਾਂ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ। ਉਨ੍ਹਾ ਕਿਹਾ, ‘ਦਹਿਸ਼ਤਗਰਦਾਂ ਕੋਲ ਜੋ ਹਥਿਆਰ ਸਨ, ਉਹ ਸ਼ਾਂਤੀਪੂਰਨ ਪ੍ਰਦਰਸ਼ਨ ਲਈ ਨਹੀਂ ਸਨ। ਉਹ ਹਥਿਆਰ ਪੁਲਸ ਮੁਲਾਜ਼ਮਾਂ, ਸਰਕਾਰੀ ਕਰਮਚਾਰੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਅਣਗਿਣਤ ਬੇਗੁਨਾਹ ਨਾਗਰਿਕਾਂ ਵਿਰੁੱਧ ਵਰਤੇ ਗਏ ਸਨ। ਸਾਨੂੰ ਸਾਰੇ ਪੀੜਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਨਾ ਕਿ ਸਿਰਫ ਕੁਝ ਚੋਣਵੇਂ ਲੋਕਾਂ ਨੂੰ।’ ਬਿੱਟੂ ਨੇ ਕਿਹਾ ਕਿ ਉਨ੍ਹਾ ਦੇ ਦਾਦਾ ਦੀ ਸਰਕਾਰ ਕੋਲ ਸ਼ਾਸਨ ਵੱਲ ਮੁੜਨ ਤੋਂ ਪਹਿਲਾਂ ਸਾਲਾਂ ਦੇ ਖੂਨ-ਖਰਾਬੇ ਤੋਂ ਬਾਅਦ ਸ਼ਾਂਤੀ ਬਹਾਲ ਕਰਨ ਦਾ ਇੱਕੋ-ਇੱਕ ਮੁੱਖ ਫਤਵਾ ਸੀ। ਉਨ੍ਹਾ ਕਿਹਾ, ‘ਬੇਅੰਤ ਸਿੰਘ ਨੂੰ ਅਜਿਹਾ ਪੰਜਾਬ ਵਿਰਾਸਤ ਵਿੱਚ ਮਿਲਿਆ ਸੀ, ਜੋ ਲਹੂ-ਲੁਹਾਨ ਸੀ। ਉਨ੍ਹਾ ਦੀ ਸਰਕਾਰ ਦਾ ਮੁੱਖ ਉਦੇਸ਼ ਕਾਨੂੰਨ ਵਿਵਸਥਾ ਅਤੇ ਆਮ ਹਾਲਾਤ ਬਹਾਲ ਕਰਨਾ ਸੀ, ਤਾਂ ਜੋ ਆਮ ਲੋਕ ਬਿਨਾਂ ਕਿਸੇ ਡਰ ਦੇ ਜੀ ਸਕਣ।’ ਉਨ੍ਹਾ ਕਿਹਾ ਕਿ ਉਨ੍ਹਾ ਦੀ ਵਿਰਾਸਤ ਦਾ ਫੈਸਲਾ ‘ਉਸ ਦੌਰ ਦੇ ਪੂਰੇ ਸੰਦਰਭ’ ਨੂੰ ਦੇਖ ਕੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾ ਇਹ ਵੀ ਕਿਹਾ ਕਿ ਸੁਰੱਖਿਆ ਉਪਾਵਾਂ ਦੇ ਨਾਲ-ਨਾਲ ਲੋਕਤੰਤਰ ਨੂੰ ਵੀ ਬਹਾਲ ਕੀਤਾ ਗਿਆ ਸੀ ਅਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਸੱਤਾ ਵਾਪਸ ਕਰਨ ਲਈ ਪੰਚਾਇਤ ਅਤੇ ਲੋਕਲ ਬਾਡੀਜ਼ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ।
ਉਸ ਦੌਰ ਦੌਰਾਨ ਔਰਤਾਂ ਵਿਰੁੱਧ ਹੋਏ ਅੱਤਿਆਚਾਰਾਂ ਸਮੇਤ ਹੋਰ ਵਧੀਕੀਆਂ ਦੇ ਦੋਸ਼ਾਂ ‘ਤੇ ਬਿੱਟੂ ਨੇ ਕਿਹਾ ਕਿ ਅਜਿਹੇ ਦਾਅਵਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ, ‘ਵਿਆਪਕ ਪੱਧਰ ‘ਤੇ ਹੋਏ ਅੱਤਿਆਚਾਰਾਂ ਦੇ ਕਿਸੇ ਵੀ ਦੋਸ਼ ਦੇ ਪਿੱਛੇ ਭਰੋਸੇਯੋਗ ਸਬੂਤ ਅਤੇ ਪ੍ਰਮਾਣਤ ਰਿਕਾਰਡ ਹੋਣੇ ਚਾਹੀਦੇ ਹਨ। ਇਤਿਹਾਸ ਦੀ ਚਰਚਾ ਤੱਥਾਂ ਨਾਲ ਹੋਣੀ ਚਾਹੀਦੀ ਹੈ, ਅੰਦਾਜ਼ਿਆਂ ਨਾਲ ਨਹੀਂ।’ ਬਿੱਟੂ ਨੇ ਕਿਹਾ ਕਿ ਦਹਿਸ਼ਤਗਰਦੀ ਦੇ ਸਾਲਾਂ ਦਾ ਨੁਕਸਾਨ ਸਿਰਫ ਜਾਨਾਂ ਜਾਣ ਤੱਕ ਸੀਮਤ ਨਹੀਂ ਸੀ।
ਉਨ੍ਹਾ ਸਵਾਲ ਕੀਤਾ, ‘ਦਹਿਸ਼ਤਗਰਦੀ ਦੇ ਸਾਲਾਂ ਨੇ ਆਖਰਕਾਰ ਪੰਜਾਬ ਨੂੰ ਕੀ ਦਿੱਤਾ? ਹਜ਼ਾਰਾਂ ਜਾਨਾਂ ਗਈਆਂ, ਪਰਵਾਰ ਤਬਾਹ ਹੋ ਗਏ, ਕਾਰੋਬਾਰ ਬਰਬਾਦ ਹੋ ਗਏ, ਨਿਵੇਸ਼ ਦੂਰ ਚਲਿਆ ਗਿਆ, ਆਰਥਕ ਤੰਗੀ ਆਈ ਅਤੇ ਇੱਕ ਪੂਰੀ ਪੀੜ੍ਹੀ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਈ।’ ਅਜੋਕੇ ਸਮੇਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗਸਟਰਾਂ ਦੇ ਡਰ ਨਾਲ ਤੁਲਨਾ ਕਰਦਿਆਂ ਉਨ੍ਹਾ ਕਿਹਾ ਕਿ ਦਹਿਸ਼ਤਗਰਦੀ ਦੌਰਾਨ ਡਰ ਇਸ ਤੋਂ ਕਿਤੇ ਵੱਧ ਗੰਭੀਰ ਸੀ। ਉਨ੍ਹਾ ਕਿਹਾ, ‘ਪੰਜਾਬ ਕਿਸੇ ਵੀ ਰੂਪ ਵਿੱਚ ਹਿੰਸਾ ਦੇ ਦੌਰ ਵੱਲ ਵਾਪਸ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦਾ।’
ਫਿਲਮ ਦਾ ਬਚਾਅ ਕਰਨ ਵਾਲਿਆਂ ਵੱਲ ਮੁੜਦਿਆਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਬਿੱਟੂ ਨੇ ਇੱਕ ਸਵਾਲ ਪੁੱਛਿਆ, ‘ਕੀ ਤੁਸੀਂ ਅੱਜ ਖਾਲਿਸਤਾਨ ਦਾ ਸਮਰਥਨ ਕਰਦੇ ਹੋ? ਜੇ ਜਵਾਬ ਨਾਂਹ ਵਿੱਚ ਹੈ, ਤਾਂ ਸਾਨੂੰ ਇਸ ਦੇ ਨਾਂਅ ‘ਤੇ ਕੀਤੀ ਗਈ ਹਿੰਸਾ ਨੂੰ ਵੀ ਨਕਾਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਭਵਿੱਖ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਉਨ੍ਹਾ ਨੇ ਅਤੀਤ ਦੀਆਂ ਯਾਦਾਂ ਨੂੰ ਲੈ ਕੇ ਭਾਵੁਕ ਹੋਣ ਵਿਰੁੱਧ ਚਿਤਾਵਨੀ ਦਿੱਤੀ। ਉਨ੍ਹਾ ਕਿਹਾ, ‘ਸ਼ਾਂਤੀ ਵਾਪਸ ਆਉਣ ਤੋਂ ਬਾਅਦ ਅਤੀਤ ਨੂੰ ਰੋਮਾਂਟਿਕ ਬਣਾ ਕੇ ਪੇਸ਼ ਕਰਨਾ ਆਸਾਨ ਹੁੰਦਾ ਹੈ, ਪਰ ਜਿਨ੍ਹਾਂ ਨੇ ਉਹ ਸਾਲ ਹੰਢਾਏ ਹਨ, ਉਹ ਉਸ ਡਰ, ਅਨਿਸਚਿਤਤਾ ਅਤੇ ਰੋਜ਼ਾਨਾ ਦੀ ਹਿੰਸਾ ਨੂੰ ਯਾਦ ਰੱਖਦੇ ਹਨ।’ ਬਿੱਟੂ ਨੇ ਕਿਹਾ, ‘ਪੰਜਾਬ ਦਾ ਭਵਿੱਖ ਨੌਕਰੀਆਂ, ਸਿੱਖਿਆ ਅਤੇ ਸਥਿਰਤਾ ‘ਤੇ ਬਣਨਾ ਚਾਹੀਦਾ ਹੈ, ਨਾ ਕਿ ਪੁਰਾਣੇ ਜ਼ਖਮਾਂ ਨੂੰ ਦੁਬਾਰਾ ਕੁਰੇਦਣ ‘ਤੇ।’
ਉਨ੍ਹਾ ਅੰਤ ਵਿੱਚ ਕਿਹਾ, ‘ਅਸੀਂ ਇਤਿਹਾਸ ‘ਤੇ ਬਹਿਸ ਕਰ ਸਕਦੇ ਹਾਂ, ਪਰ ਸਾਨੂੰ ਕਦੇ ਵੀ ਹਿੰਸਾ ਦੀ ਮਹਿਮਾ ਨਹੀਂ ਕਰਨੀ ਚਾਹੀਦੀ। ਪੰਜਾਬ ਦੀ ਅਸਲ ਜਿੱਤ ਸ਼ਾਂਤੀ ਅਤੇ ਲੋਕਤੰਤਰ ਦੀ ਵਾਪਸੀ ਸੀ।’