8 ਸਤੰਬਰ ਨੂੰ ਪਟਿਆਲਾ ਵਿਖੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ : ਧਾਲੀਵਾਲ

0
7

ਪਟਿਆਲਾ (ਨ ਜ਼ ਸ)
ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਜਾਰੀ ਬਿਆਨ ਵਿਚ ਦੱਸਿਆ ਕਿ ਪੀ ਆਰ ਟੀ ਸੀ ਦੇ ਪ੍ਰਬੰਧਕਾਂ ਦੀਆਂ ਧੱਕੇਸ਼ਾਹੀਆਂ, ਵਿਤਕਰੇਬਾਜ਼ੀਆਂ, ਮਨਮਰਜ਼ੀਆਂ, ਵਰਕਰਾਂ ਦੇ ਹੱਕਾਂ ਨੂੰ ਕੁਚਲਣਾ, ਕਾਨੂੰਨਾਂ ਦੀ ਉਲੰਘਣਾ ਕਰਨਾ, ਪੀ ਆਰ ਟੀ ਸੀ ਦੀ ਨਿਘਰਦੀ ਜਾ ਰਹੀ ਮਾਲੀ ਹਾਲਤ ਸੁਧਾਰਨ ਦੇ ਕੋਈ ਜਤਨ ਨਾ ਕਰਨਾ, ਸਟਾਫ ਦੀ ਘਾਟ ਦਾ ਬੋਝ ਵਰਕਰਾਂ ‘ਤੇ ਪਾਉਣਾ, ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀਆਂ ਚਰਚਾਵਾਂ, ਵਰਕਰਾਂ ਦੇ ਜਾਇਜ਼ ਅਤੇ ਕਾਨੂੰਨੀ ਹੱਕਾਂ ਨੂੰ ਵੀ ਲਾਗੂ ਨਾ ਕਰਕੇ ਵਰਕਰਾਂ ਨੂੰ ਅਦਾਲਤਾਂ ਵਿੱਚ ਕੇਸ ਕਰਨ ਲਈ ਮਜਬੂਰ ਕਰਨਾ, ਡਿਪੂਆਂ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਬੇਇਨਸਾਫੀਆਂ ਅਤੇ ਵਰਕਰਾਂ ਦੀਆਂ ਮੰਗਾਂ ਸੰਬੰਧੀ ਲੰਮੇ ਸਮੇਂ ਤੋਂ ਦਿੱਤੇ ਗਏ ਮੰਗ ਪੱਤਰਾਂ ‘ਤੇ ਕੋਈ ਗੱਲਬਾਤ ਨਾ ਕਰਨਾ ਆਦਿ ਮਸਲਿਆਂ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ 8 ਸਤੰਬਰ ਨੂੰ ਪੀ ਆਰ ਟੀ ਸੀ ਪਟਿਆਲਾ ਦੇ ਮੁੱਖ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਵਰਕਰਾਂ ਦੀਆਂ ਜਿਨ੍ਹਾਂ ਮੰਗਾਂ ਨੂੰ ਲੈ ਕੇ 8 ਸਤੰਬਰ ਨੂੰ ਰੋਸ ਧਰਨਾ ਅਤੇ ਰੈਲੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਕੰਟਰੈਕਟ/ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨਾ ਅਤੇ ਜਿਹੜੇ ਕੰਟਰੈਕਟ ਅਧੀਨ ਵਰਕਰਾਂ ਨੇ ਅਦਾਲਤਾਂ ਵਿੱਚ ਕੇਸ ਨਹੀਂ ਕੀਤੇ, ਉਨ੍ਹਾਂ ਨੂੰ ਅਦਾਲਤਾਂ ਵਿੱਚੋਂ ਹੋਏ ਫੈਸਲਿਆਂ ਦੀ ਰੋਸ਼ਨੀ ਵਿੱਚ ਰੈਗੂਲਰ ਕਰਨਾ, ਪੰਜਾਬ ਸਰਕਾਰ ਵੱਲੋਂ ਟੀ ਏ/ਡੀ ਏ ਰੇਟਾਂ ਵਿੱਚ ਇੱਕ ਸਾਲ ਪਹਿਲਾਂ ਕੀਤਾ ਵਾਧਾ ਲਾਗੂ ਕਰਾਣਾ, ਮਿਤੀ 01/01/2004 ਤੋਂ ਬਾਅਦ ਭਰਤੀ ਹੋਏ ਕਰਮਚਾਰੀ, ਜਿਨ੍ਹਾਂ ਅਪਲਾਈ 2004 ਤੋਂ ਪਹਿਲਾਂ ਕੀਤਾ ਹੋਇਆ ਸੀ, ਉਨ੍ਹਾਂ ‘ਤੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੰਟਰੈਕਟ ਤੋਂ ਰੈਗੂਲਰ ਕੀਤੇ ਵਰਕਰਾਂ ਤੇ ਪ੍ਰੋਬੇਸ਼ਨ ਪੀਰੀਅਡ ਦੀ ਲਾਈ ਸ਼ਰਤ ਖਤਮ ਕਰਾਉਣਾ, ਵਰਕਰਾਂ ਦੇ ਅਤੇ ਸੇਵਾ-ਮੁਕਤ ਕਰਮਚਾਰੀਆਂ ਦੇ ਸਾਰੇ ਵਿੱਤੀ ਬਕਾਇਆ ਦੀ ਅਦਾਇਗੀ ਕਰਨਾ, ਮੁਫਤ ਸਫਰ ਸਹੂਲਤਾਂ ਬਦਲੇ ਪੰਜਾਬ ਸਰਕਾਰ ਤੋਂ ਬਣਦਾ 600-700 ਕਰੋੜ ਰੁਪਈਆ ਲੈਣਾ, ਸੇਵਾ-ਮੁਕਤ ਕਰਮਚਾਰੀਆਂ ਨੂੰ 2 ਸਾਲ ਬਾਅਦ ਇੱਕ ਬੇਸਿਕ ਪੇ ਦੇ ਬਰਾਬਰ ਯਾਤਰਾ ਭੱਤਾ ਦੇਣਾ, ਜਿਨ੍ਹਾਂ ਕਰਮਚਾਰੀਆਂ ਉਪਰ ਦਫਤਰੀ ਕੁਤਾਹੀ ਕਾਰਨ ਐਨ.ਪੀ.ਐਸ. ਲਾਗੂ ਨਹੀਂ ਕੀਤੀ ਗਈ, ਉਨ੍ਹਾਂ ਉਪਰ ਐੱਨ ਪੀ ਐੱਸ ਲਾਗੂ ਕਰਾਉਣਾ, ਵਰਕਰਾਂ ਦੀਆਂ ਲੇਟ ਕੀਤੀਆਂ ਜਾ ਰਹੀਆਂ ਤਰੱਕੀਆਂ ਬਣਦੀ ਮਿਤੀ ਤੋਂ ਕਰਾਉਣਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਲੈ ਕੇ ਦੇਣਾ, ਪੇਅ ਪੈਰਿਟੀ ਦੇ ਹੱਕਦਾਰ ਕਰਮਚਾਰੀਆਂ ਦੀ ਤਨਖਾਹ ਸੋਧਣਾ ਆਦਿ ਮੰਗਾਂ ਸ਼ਾਮਲ ਹਨ।