ਪ੍ਰਤੀਕ ਤੇ ਸਿਧਾਂਤ

0
1

4 ਜੁਲਾਈ, 1776 ਨੂੰ ਅਪਣਾਇਆ ਗਿਆ ਅਮਰੀਕੀ ਆਜ਼ਾਦੀ ਦਾ ਐਲਾਨਨਾਮਾ ਸਿਰਫ ਬਸਤੀਵਾਦੀ ਸ਼ਾਸਨ ਤੋਂ ਸਿਆਸੀ ਮੁਕਤੀ ਦਾ ਦਸਤਾਵੇਜ਼ ਨਹੀਂ ਸੀ; ਇਹ ਆਧੁਨਿਕ ਲੋਕਤੰਤਰੀ ਚੇਤਨਾ ਦਾ ਐਲਾਨ ਵੀ ਸੀ। ਇਸ ਨੇ ਐਲਾਨ ਕੀਤਾ ਕਿ ਸੱਤਾ ਲੋਕਾਂ ਤੋਂ ਆਉਂਦੀ ਹੈ, ਕਿ ਸ਼ਾਸਕ ਕਾਨੂੰਨ ਤੋਂ ਉੱਪਰ ਨਹੀਂ ਹਨ, ਅਤੇ ਜੇ ਸ਼ਾਸਨ ਜ਼ੁਲਮ ਵਿੱਚ ਬਦਲ ਜਾਂਦਾ ਹੈ ਤਾਂ ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ। ਢਾਈ ਸੌ ਸਾਲ ਬਾਅਦ, ਜਿਵੇਂ ਕਿ ਅਮਰੀਕਾ ਆਜ਼ਾਦੀ ਦੇ ਐਲਾਨਨਾਮੇ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਸਭ ਤੋਂ ਵੱਡਾ ਸਵਾਲ ਇਹ ਨਹੀਂ ਹੈ ਕਿ ਜਸ਼ਨ ਕਿੰਨੇ ਸ਼ਾਨਦਾਰ ਹੋਣਗੇ, ਸਗੋਂ ਇਹ ਹੈ ਕਿ ਕੀ ਉਸ ਐਲਾਨਨਾਮੇ ਦੀ ਮੂਲ ਭਾਵਨਾ ਅਮਰੀਕੀ ਸਿਆਸਤ ਦਾ ਮਾਰਗਦਰਸ਼ਨ ਕਰ ਰਹੀ ਹੈ।
ਵਿਡੰਬਨਾ ਹੈ ਕਿ ਇਸ ਇਤਿਹਾਸਕ ਮੌਕੇ ਦੀ ਅਗਵਾਈ ਇੱਕ ਅਜਿਹਾ ਰਾਸ਼ਟਰਪਤੀ ਕਰ ਰਿਹਾ ਹੈ, ਜਿਸ ਦੀ ਸਿਆਸੀ ਸ਼ੈਲੀ ਅਤੇ ਜਨਤਕ ਆਚਰਣ ਨੂੰ ਲੈ ਕੇ ਵਾਰ-ਵਾਰ ਇਹ ਦੋਸ਼ ਲਾਇਆ ਗਿਆ ਹੈ ਕਿ ਉਹ ਲੋਕਤੰਤਰੀ ਸੰਸਥਾਵਾਂ ਨਾਲੋਂ ਨਿੱਜੀ ਸੱਤਾ ਵਿੱਚ ਵਧੇਰੇ ਵਿਸ਼ਵਾਸ ਰੱਖਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਸੰਵਿਧਾਨਕ ਮਾਹਰ, ਇਤਿਹਾਸਕਾਰ ਅਤੇ ਲੋਕਤੰਤਰ-ਪੱਖੀ ਬੁੱਧੀਜੀਵੀ ਸਵਾਲ ਕਰ ਰਹੇ ਹਨ ਕਿ ਇੱਕ ਦਸਤਾਵੇਜ਼, ਜਿਸ ਦਾ ਮੁੱਖ ਉਦੇਸ਼ ਰਾਜਸ਼ਾਹੀ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨਾ ਸੀ, ਉਸ ਦਾ ਉਤਸਵ ਅਜਿਹੀ ਅਗਵਾਈ ਹੇਠ ਕਿਹੜੇ ਅਰਥ ਵਿੱਚ ਮਨਾਇਆ ਜਾਵੇਗਾ।
ਆਜ਼ਾਦੀ ਦੇ ਐਲਾਨਨਾਮੇ ਦਾ ਸਭ ਤੋਂ ਮਹੱਤਵਪੂਰਨ ਸੰਦੇਸ਼ ਇਹ ਸੀ ਕਿ ਕੋਈ ਵੀ ਆਦਮੀ-ਇੱਥੋਂ ਤੱਕ ਕਿ ਰਾਜਾ ਵੀ-ਕਾਨੂੰਨ ਤੋਂ ਉੱਪਰ ਨਹੀਂ ਹੈ। ਅਜੋਕੀ ਅਮਰੀਕੀ ਸਿਆਸਤ ਵਿੱਚ ਇਸੇ ਸਿਧਾਂਤ ਦੀ ਸਭ ਤੋਂ ਵੱਧ ਪ੍ਰੀਖਿਆ ਦਿਖਾਈ ਦਿੰਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮੌਕਿਆਂ ‘ਤੇ ਆਪਣੇ-ਆਪ ਨੂੰ ਅਸਾਧਾਰਨ ਅਧਿਕਾਰਾਂ ਵਾਲੇ ਨੇਤਾ ਵਜੋਂ ਪੇਸ਼ ਕੀਤਾ ਹੈ। ਕਈ ਵਾਰ ਉਸ ਨੇ ਆਪਣੇ ਫੈਸਲਿਆਂ ਨੂੰ ਲੱਗਭੱਗ ਅੰਤਮ ਸੱਚ ਦੀ ਤਰ੍ਹਾਂ ਪੇਸ਼ ਕੀਤਾ, ਕਦੇ ਨਿਆਂਪਾਲਿਕਾ ਦੀ ਆਲੋਚਨਾ ਨਿੱਜੀ ਹਮਲਿਆਂ ਦੇ ਰੂਪ ਵਿੱਚ ਕੀਤੀ, ਤਾਂ ਕਦੇ ਅਜਿਹੇ ਬਿਆਨ ਦਿੱਤੇ ਜਿਨ੍ਹਾਂ ਨਾਲ ਇਹ ਧਾਰਨਾ ਬਣੀ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਅੱਗੇ ਸੰਵਿਧਾਨਕ ਸੀਮਾਵਾਂ ਬੌਣੀਆਂ ਹਨ।
ਲੋਕਤੰਤਰ ਵਿੱਚ, ਅਜਿਹੀਆਂ ਪਰਬਿਰਤੀਆਂ ਸਿਰਫ ਸ਼ਖਸੀਅਤ ਦਾ ਸਵਾਲ ਨਹੀਂ ਹੁੰਦੀਆਂ; ਉਹ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਵੀ ਪ੍ਰਭਾਵਤ ਕਰਦੀਆਂ ਹਨ। ਲੋਕਤੰਤਰੀ ਵਿਵਸਥਾ ਦੀ ਸਭ ਤੋਂ ਵੱਡੀ ਤਾਕਤ ਸ਼ਕਤੀਆਂ ਦੀ ਵੰਡ ਹੈ। ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਇੱਕ-ਦੂਜੇ ‘ਤੇ ਕੰਟਰੋਲ ਬਣਾਈ ਰੱਖਦੀਆਂ ਹਨ, ਤਾਂ ਜੋ ਕੋਈ ਵੀ ਇੱਕ ਸੰਸਥਾ ਸਰਬ ਸ਼ਕਤੀਮਾਨ ਨਾ ਬਣ ਸਕੇ।
ਲੋਕਤੰਤਰ ਸਿਰਫ ਸੰਸਥਾਵਾਂ ਨਾਲ ਨਹੀਂ ਚੱਲਦਾ; ਇਸ ਦੀ ਆਤਮਾ ਸਿਵਲ ਸਮਾਜ ਵਿੱਚ ਵੱਸਦੀ ਹੈ। ਲੋਕਤੰਤਰ ਉਦੋਂ ਵਧਦਾ-ਫੁੱਲਦਾ ਹੈ, ਜਦੋਂ ਨਾਗਰਿਕ ਸ਼ਾਂਤੀ ਨਾਲ ਬੇਇਨਸਾਫੀ, ਅਸਮਾਨਤਾ ਜਾਂ ਸੱਤਾ ਦੀ ਦੁਰਵਰਤੋਂ ਵਿਰੁੱਧ ਬੋਲਦੇ ਹਨ। ਅਮਰੀਕੀ ਇਤਿਹਾਸ ਇਸ ਦਾ ਗਵਾਹ ਹੈ। ਨਾਗਰਿਕ ਅਧਿਕਾਰ ਅੰਦੋਲਨ ਤੋਂ ਲੈ ਕੇ ਵੀਅਤਨਾਮ ਯੁੱਧ ਵਿਰੋਧੀ ਮੁਹਿੰਮਾਂ ਅਤੇ ਹਾਲ ਹੀ ਦੇ ਸਾਲਾਂ ਦੇ ਜਨਤਕ ਅੰਦੋਲਨਾਂ ਤੱਕ, ਲੋਕਾਂ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਲੋਕਤੰਤਰ ਵੋਟਿੰਗ ਦੇ ਬਾਅਦ ਖਤਮ ਨਹੀਂ ਹੁੰਦਾ; ਇਹ ਨਿਰੰਤਰ ਨਾਗਰਿਕ ਭਾਗੀਦਾਰੀ ਨਾਲ ਸੰਚਾਲਤ ਹੁੰਦਾ ਹੈ। ਇਸੇ ਸੰਦਰਭ ਵਿੱਚ, ‘ਨੋ ਕਿੰਗਜ਼’ ਅੰਦੋਲਨ ਵਰਗੀਆਂ ਹਾਲੀਆ ਲਹਿਰਾਂ ਖਾਸ ਤੌਰ ‘ਤੇ ਮਹੱਤਵਪੂਰਨ ਹਨ। ਇਨ੍ਹਾਂ ਪ੍ਰਦਰਸ਼ਨਾਂ ਦਾ ਕੇਂਦਰੀ ਸੰਦੇਸ਼ ਸਿਰਫ ਇੱਕ ਵਿਅਕਤੀ ਦਾ ਵਿਰੋਧ-ਭਰ ਨਹੀਂ ਸੀ, ਸਗੋਂ ਇਹ ਸੀ ਕਿ ਅਮਰੀਕਾ ਦੀ ਸੰਵਿਧਾਨਕ ਵਿਵਸਥਾ ਕਿਸੇ ਵੀ ਤਰ੍ਹਾਂ ਦੀ ਵਿਅਕਤੀ ਪੂਜਾ ਜਾਂ ਤਾਨਾਸ਼ਾਹੀ ਲੀਡਰਸ਼ਿਪ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਲੋਕਤੰਤਰ ਵਿੱਚ, ਨਾਗਰਿਕਾਂ ਦਾ ਫਰਜ਼ ਸਿਰਫ ਆਪਣੀ ਸਰਕਾਰ ਚੁਣਨਾ ਹੀ ਨਹੀਂ, ਸਗੋਂ ਉਸ ਦੀ ਸੰਵਿਧਾਨਕ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਵੀ ਹੈ।
ਇਤਿਹਾਸ ਦਰਸਾਉਂਦਾ ਹੈ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਰਾਸ਼ਟਰਵਾਦ ਅਤੇ ਲੋਕਤੰਤਰ ਵਿਚਕਾਰ ਇੱਕ ਨਕਲੀ ਸਮਾਨਤਾ ਸਥਾਪਤ ਕੀਤੀ ਜਾਂਦੀ ਹੈ। ਤਦ, ਸੱਤਾ ਆਪਣੇ-ਆਪ ਨੂੰ ਰਾਸ਼ਟਰ ਦਾ ਸਮਾਨਾਰਥੀ ਘੋਸ਼ਿਤ ਕਰਦੀ ਹੈ ਅਤੇ ਸਰਕਾਰ ਦੀ ਆਲੋਚਨਾ ਨੂੰ ਰਾਸ਼ਟਰ ਵਿਰੋਧੀ ਦੱਸਿਆ ਜਾਣ ਲਗਦਾ ਹੈ, ਜਦਕਿ ਆਜ਼ਾਦੀ ਦੇ ਐਲਾਨਨਾਮੇ ਦਾ ਮੂਲ ਦਰਸ਼ਨ ਬਿਲਕੁਲ ਉਲਟ ਹੈ। ਉੱਥੇ ਸਰਕਾਰ ਲੋਕਾਂ ਦੀ ਸੇਵਕ ਹੈ, ਰਾਸ਼ਟਰ ਦੀ ਮਾਲਕਣ ਨਹੀਂ। ਰਾਸ਼ਟਰ ਜਨਤਾ ਹੈ, ਸੰਵਿਧਾਨ ਅਤੇ ਨਾਗਰਿਕ ਅਧਿਕਾਰ ਹਨ-ਨਾ ਕਿ ਕੋਈ ਇੱਕ ਨੇਤਾ ਜਾਂ ਪਾਰਟੀ।
ਅੱਜ ਪੂਰੀ ਦੁਨੀਆ ਵਿੱਚ ਲੋਕਤੰਤਰ ਇੱਕ ਨਵੇਂ ਸੰਕ੍ਰਮਣ ਕਾਲ ਵਿੱਚੋਂ ਗੁਜ਼ਰ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਲੋਕਤੰਤਰੀ ਪ੍ਰਕਿਰਿਆਵਾਂ ਰਾਹੀਂ ਸੱਤਾ ਵਿੱਚ ਆਉਣ ਤੋਂ ਬਾਅਦ ਹੌਲੀ-ਹੌਲੀ ਸੰਸਥਾਗਤ ਨਿਯੰਤਰਣਾਂ ਨੂੰ ਕਮਜ਼ੋਰ ਕਰਦੀਆਂ ਦਿਖਾਈ ਦਿੰਦੀਆਂ ਹਨ। ਮੀਡੀਆ, ਨਿਆਂਪਾਲਿਕਾ, ਯੂਨੀਵਰਸਿਟੀਆਂ ਅਤੇ ਨਾਗਰਿਕ ਸੰਗਠਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਦਾ ਹੈ। ਇਹ ਪਰਬਿਰਤੀ ਲੋਕਤੰਤਰ ਨੂੰ ਖਤਮ ਨਹੀਂ ਕਰਦੀ, ਸਗੋਂ ਇਸ ਨੂੰ ਅੰਦਰੋਂ ਖੋਖਲਾ ਕਰਦੀ ਹੈ। ਇਸੇ ਕਰਕੇ ਲੋਕਤੰਤਰ ਦੀ ਰੱਖਿਆ ਸਿਰਫ ਚੋਣਾਂ ਨਾਲ ਨਹੀਂ ਹੁੰਦੀ; ਉਸ ਦੀ ਰੱਖਿਆ ਸੁਤੰਤਰ ਸੰਸਥਾਵਾਂ, ਸਰਗਰਮ ਸਿਵਲ ਸਮਾਜ ਅਤੇ ਸੰਵਿਧਾਨਕ ਨੈਤਿਕਤਾ ਨਾਲ ਹੁੰਦੀ ਹੈ।
ਅਮਰੀਕੀ ਆਜ਼ਾਦੀ ਦਾ ਐਲਾਨਨਾਮਾ ਅੱਜ ਵੀ ਇਸ ਲਈ ਪ੍ਰਸੰਗਕ ਹੈ, ਕਿਉਂਕਿ ਇਹ ਸਿਰਫ ਅਮਰੀਕੀ ਇਤਿਹਾਸ ਦਾ ਇੱਕ ਦਸਤਾਵੇਜ਼ ਨਹੀਂ ਹੈ, ਸਗੋਂ ਵਿਸ਼ਵਵਿਆਪੀ ਲੋਕਤੰਤਰੀ ਕਦਰਾਂ-ਕੀਮਤਾਂ ਦਾ ਐਲਾਨ ਹੈ। ਇਸ ਵਿੱਚ ਪ੍ਰਗਟ ਕੀਤੇ ਗਏ ਵਿਚਾਰ-ਸਮਾਨਤਾ, ਆਜ਼ਾਦੀ, ਕਾਨੂੰਨ ਦਾ ਰਾਜ ਅਤੇ ਲੋਕਾਂ ਦੀ ਪ੍ਰਭੂਸੱਤਾ-ਕਿਸੇ ਇੱਕ ਦੇਸ਼ ਦੀਆਂ ਸਰਹੱਦਾਂ ਵਿੱਚ ਕੈਦ ਨਹੀਂ ਹਨ। ਉਹ ਹਰ ਉਸ ਸਮਾਜ ਲਈ ਇੱਕ ਮਾਰਗਦਰਸ਼ਕ ਹਨ, ਜੋ ਸੱਤਾ ਨੂੰ ਜਵਾਬਦੇਹ ਬਣਾਉਣ ਅਤੇ ਨਾਗਰਿਕਾਂ ਨੂੰ ਸਨਮਾਨਤ ਦੇਖਣਾ ਚਾਹੁੰਦਾ ਹੈ।
250ਵੀਂ ਵਰ੍ਹੇਗੰਢ ਦਾ ਅਸਲ ਜਸ਼ਨ ਆਤਿਸ਼ਬਾਜ਼ੀ, ਪਰੇਡਾਂ ਅਤੇ ਸਰਕਾਰੀ ਸਮਾਰੋਹਾਂ ਵਿੱਚ ਨਹੀਂ ਹੈ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮੁੜ ਯਾਦ ਕਰਨ ਵਿੱਚ ਹੈ, ਜਿਨ੍ਹਾਂ ਲਈ ਆਜ਼ਾਦੀ ਦਾ ਐਲਾਨਨਾਮਾ ਲਿਖਿਆ ਗਿਆ ਸੀ। ਲੋਕਤੰਤਰ ਦਾ ਜਸ਼ਨ ਮਨਾਉਣ ਲਈ ਸੱਤਾ ਦੇ ਕੇਂਦਰੀਕਰਨ ਦੀ ਬਜਾਏ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ; ਵਿਅਕਤੀ ਪੂਜਾ ਦੀ ਬਜਾਏ ਸੰਵਿਧਾਨ ਪ੍ਰਤੀ ਨਿਸ਼ਠਾ ਵਿਕਸਤ ਕਰਨ ਦੀ ਲੋੜ ਹੈ; ਅਤੇ ਡਰ ਦੀ ਬਜਾਏ ਅਸਹਿਮਤੀ ਦੇ ਅਧਿਕਾਰ ਦੀ ਰੱਖਿਆ ਕਰਨ ਦੀ ਲੋੜ ਹੈ। ਆਜ਼ਾਦੀ ਕਿਸੇ ਰਾਸ਼ਟਰ ਵੱਲੋਂ ਇੱਕ ਵਾਰ ਹਾਸਲ ਕਰ ਲੈਣ ਵਾਲੀ ਸਥਾਈ ਉਪਲੱਬਧੀ ਨਹੀਂ ਹੈ। ਹਰੇਕ ਪੀੜ੍ਹੀ ਨੂੰ ਉਸ ਨੂੰ ਮੁੜ ਤੋਂ ਹਾਸਲ ਕਰਨਾ ਪੈਂਦਾ ਹੈ। ਲੋਕਤੰਤਰ ਵੀ ਕੋਈ ਸਥਿਰ ਅਵਸਥਾ ਨਹੀਂ ਹੈ, ਸਗੋਂ ਨਿਰੰਤਰ ਜਾਗਰੂਕਤਾ, ਸੰਘਰਸ਼ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਪ੍ਰਕਿਰਿਆ ਹੈ। ਇਸ ਲਈ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੇ ਢਾਈ ਸੌ ਸਾਲ ਪੂਰੇ ਹੋਣ ਦਾ ਸਭ ਤੋਂ ਵੱਡਾ ਸੰਦੇਸ਼ ਇਹੀ ਹੈ ਕਿ ਲੋਕਤੰਤਰ ਦਾ ਸਨਮਾਨ ਉਸ ਦੇ ਪ੍ਰਤੀਕਾਂ ਨਾਲ ਨਹੀਂ, ਸਗੋਂ ਉਸ ਦੇ ਸਿਧਾਂਤਾਂ ਪ੍ਰਤੀ ਅਟੁੱਟ ਵਚਨਬੱਧਤਾ ਨਾਲ ਹੁੰਦਾ ਹੈ। ਉਹੀ ਕਿਸੇ ਵੀ ਕੌਮ ਦੀ ਸਭ ਤੋਂ ਵੱਡੀ ਦੇਸ਼ ਭਗਤੀ ਹੈ, ਅਤੇ ਉਹੀ ਕਿਸੇ ਵੀ ਆਜ਼ਾਦੀ ਦਿਵਸ ਦਾ ਸਭ ਤੋਂ ਸਾਰਥਕ ਜਸ਼ਨ।