ਵੈਨਕੂਵਰ : ਦੋ ਹਫ਼ਤਿਆਂ ਤੋਂ ਕੈਨੇਡਾ ਤੇ ਅਮਰੀਕਾ ਵਿਚਾਲੇ ਆਪਸੀ ਵਪਾਰਕ ਸਮਝੌਤਾ ਨਵਿਆਉਣ ਨੂੰ ਲੈ ਕੇ ਚੱਲ ਰਹੀ ਗੱਲਬਾਤ ਆਖਰੀ ਮੌਕੇ ਟੁੱਟ ਗਈ । ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਮਝੌਤੇ ਦੇ ਵਿਚਾਰ-ਵਟਾਂਦਰੇ ਲਈ ਭੇਜੀ ਆਪਣੀ ਭਰੋਸੇਯੋਗ ਤੇ ਉੱਚ-ਸ਼ਕਤੀ ਟੀਮ ਵਾਪਸ ਓਟਾਵਾ ਬੁਲਾ ਲਈ ਹੈ। ਉਨ੍ਹਾ ਕਿਹਾ ਕਿ ਹੁਣ ਅਮਰੀਕਾ ਦੇ ਡਾਲਰ ਨਾਲ ਡਾਲਰ ਦਾ ਹਿਸਾਬ ਕਰਕੇ ਹੀ ਵਪਾਰ ਅੱਗੇ ਵਧਾਇਆ ਜਾਵੇਗਾ ਅਤੇ ਸ਼ਰਤਾਂ ਅਧੀਨ ਕੋਈ ਗੱਲ ਨਹੀਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਅੱਧੀ ਰਾਤ ਨੂੰ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ 50 ਫੀਸਦੀ ਟੈਰਿਫ ਨਾਲ ਸਿੱਝ ਲਿਆ ਜਾਵੇਗਾ। ਕੁਝ ਸਾਲ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਹੋਇਆ ਵਪਾਰ ਸਮਝੌਤਾ ਲੰਘੇ ਮੰਗਲਵਾਰ ਤੱਕ ਸੀ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਦੀ ਮਿਆਦ ਤਿੰਨ ਦਿਨ ਲਈ ਵਧਾਉਂਦੇ ਸਮੇਂ ਐਲਾਨ ਕੀਤਾ ਗਿਆ ਸੀ ਕਿ ਸਮਝੌਤਾ ਹੋ ਚੁੱਕਾ ਹੈ, ਪਰ ਉਸ ਨੂੰ ਲਿਖਤੀ ਰੂਪ ਵਿੱਚ ਲਿਆਉਣ ਲਈ ਇੱਕ-ਦੋ ਦਿਨ ਲੱਗ ਸਕਦੇ ਹਨ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਸੀ ਕਿ ਉਹ ਸ਼ਰਾਬ ਠੇਕੇਦਾਰਾਂ ਨੂੰ ਹੁਕਮ ਦੇ ਕੇ ਅਮਰੀਕੀ ਸ਼ਰਾਬ ਵੇਚਣਾ ਸ਼ੁਰੂ ਕਰਨ, ਪਰ ਸ਼ੁੱਕਰਵਾਰ ਦੇਰ ਸ਼ਾਮ ਸਮਝੌਤੇ ਦੀਆਂ ਸਾਰੀਆਂ ਉਮੀਦਾਂ ਢਹਿ-ਢੇਰੀ ਹੋ ਗਈਆਂ। ਕਾਰਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਵਪਾਰਕ ਟੈਰਿਫਾਂ ਕਾਰਨ ਖ਼ਰਾਬ ਹੋਏ ਆਪਸੀ ਸਬੰਧ ਸੁਧਾਰਨਾ ਚਾਹੁੰਦੇ ਸਨ, ਪਰ ਉਹ ਏਨੇ ਵੀ ਮਜਬੂਰ ਨਹੀਂ ਹਨ ਕਿ ਅਮਰੀਕਾ ਦੀ ਹਰ ਸ਼ਰਤ ਅੱਗੇ ਗੋਡੇ ਟੇਕ ਦਿੱਤੇ ਜਾਣ। ਉਨ੍ਹਾ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਹੁੰਦੇ ਰਹੇ 28 ਅਰਬ ਡਾਲਰ ਦੇ ਵਪਾਰ ਨੂੰ ਹੋਰ ਦੇਸ਼ਾਂ ਤੱਕ ਫੈਲਾ ਕੇ ਆਪਣੇ ਦੇਸ਼ ਦੀ ਸਨਅਤ ਅਤੇ ਕਾਮਿਆਂ ਦੀ ਹਰ ਪੱਖੋਂ ਬਾਂਹ ਫੜਨਗੇ। ਉਨ੍ਹਾ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਅਮਰੀਕਾ ਨਾਲ ਡਾਲਰ-ਡਾਲਰ ਦਾ ਹਿਸਾਬ ਕੀਤਾ ਜਾਵੇਗਾ। ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਬਿਆਨ ਵਿੱਚ ਕਾਰਨੀ ਨੇ ਕਿਹਾ ਕਿ ਕੈਨੇਡਾ ਵਪਾਰਕ ਗੱਲਬਾਤ ਹਾਲ ਦੀ ਘੜੀ ਮੁਅੱਤਲ ਕਰ ਰਿਹਾ ਹੈ ਅਤੇ ਸਮਝੌਤਾ ਟੀਮ ਨੂੰ ਵਾਪਸ ਬੁਲਾ ਲਿਆ ਗਿਆ ਹੈ। ਅਮਰੀਕਾ ਵੱਲੋਂ ਤੈਅਸ਼ੁਦਾ ਸਮਝੌਤੇ ਵਿੱਚ ਐਨ ਮੌਕੇ ‘ਤੇ ਪੇਸ਼ ਕੀਤੀਆਂ ਸੋਧਾਂ ਗ਼ੈਰ-ਜ਼ਰੂਰੀ ਅਤੇ ਆਰਥਿਕ ਪੱਖੋਂ ਕੈਨੇਡਾ ਲਈ ਨੁਕਸਾਨਦੇਹ ਤਾਂ ਹਨ ਹੀ, ਨਾਲ ਦੀ ਨਾਲ ਇਹ ਸਮਝੌਤੇ ਦੀ ਭਰੋਸੇਯੋਗਤਾ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦੀਆਂ ਹਨ। ਉਨ੍ਹਾਂ ਕੈਨੇਡੀਅਨ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਕੈਨੇਡਾ ਜਲਦੀ ਹੀ ਆਲਮੀ ਪੱਧਰ ‘ਤੇ ਹੋਰ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰਕੇ ਇਹ ਘਾਟ ਪੂਰੀ ਕਰ ਲਵੇਗਾ।





