ਭਲਾਈ ਸਕੀਮਾਂ ਦਾ ਲਾਭ ਲੈਣ ਲਈ ਐੱਸ ਆਈ ਆਰ ਪ੍ਰਕਿਰਿਆ ‘ਚ ਜ਼ਰੂਰ ਹਿੱਸਾ ਲਓ : ਮਾਨ

0
7

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਸਮੇਤ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਦੀ ਚੱਲ ਰਹੀ ਪ੍ਰਕਿਰਿਆ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾ ਇਹ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵੋਟਰਾਂ ਦਾ ਨਾਂਅ ਵੋਟਰ ਸੂਚੀ ‘ਚ ਸ਼ਾਮਲ ਨਹੀਂ ਹੋਵੇਗਾ, ਉਹ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਲਈ ਲਾਭ ਲੈਣ ਦੇ ਹੱਕਦਾਰ ਨਹੀਂ ਰਹਿਣਗੇ।
ਮਾਨ ਨੇ ਸਮੂਹ ਵੋਟਰਾਂ ਨੂੰ ਬੁੱਧਵਾਰ ਅਪੀਲ ਕੀਤੀ ਕਿ ਉਹ ਐੱਸ ਆਈ ਆਰ ਦੀ ਪ੍ਰਕਿਰਿਆ ‘ਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਾਉਣ।
ਮੁੱਖ ਮੰਤਰੀ ਨੇ ਬੇਂਗਲੁਰੂ ਤੋਂ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ‘ਚ ਕਿਹਾ ਹੈ ਕਿ ਵੋਟਰ ਆਪੋ ਆਪਣਾ ਫਾਰਮ ਭਰ ਕੇ ਵੋਟਰ ਸੂਚੀ ‘ਚ ਆਪਣਾ ਨਾਂਅ ਸੁਰੱਖਿਅਤ ਕਰਨ।
ਮਾਨ ਨੇ ਕਿਹਾ ਕਿ ਜੇ ਇੱਕ ਵਾਰ ਵੋਟਰ ਸੂਚੀ ‘ਚੋਂ ਨਾਂਅ ਡਿਲੀਟ ਹੋ ਗਿਆ ਤਾਂ ਅਜਿਹੇ ਵੋਟਰ ਕਿਸੇ ਵੀ ਸਮਾਜਿਕ ਸੁਰੱਖਿਆ ਦੀ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਅਯੋਗ ਹੋ ਜਾਣਗੇ, ਜਿਨ੍ਹਾਂ ‘ਚ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਵੀ ਸ਼ਾਮਲ ਹੈ।