ਵਾਸ਼ਿੰਗਟਨ (ਨ ਜ਼ ਸ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਵਿੱਚ ਨਾਟੋ ਸੰਮੇਲਨ ਦੌਰਾਨ ਕਿਹਾ ਕਿ ਈਰਾਨ ਨਾਲ ਜੰਗਬੰਦੀ ਸਮਝੌਤਾ ਹੁਣ ਖਤਮ ਹੋ ਗਿਆ ਹੈ ਅਤੇ ਉਹ ਹੁਣ ਈਰਾਨ ਨਾਲ ਕੋਈ ਸੌਦਾ ਨਹੀਂ ਕਰਨਾ ਚਾਹੁੰਦੇ। ਉਨ੍ਹਾ ਕਿਹਾ,’ਅਸੀਂ ਕੱਲ੍ਹ ਰਾਤ ਈਰਾਨ ‘ਤੇ ਇੱਕ ਸ਼ਕਤੀਸ਼ਾਲੀ ਹਮਲਾ ਕੀਤਾ। ਅਸੀਂ ਖਤਰਨਾਕ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ। ਹਰ ਵਾਰ ਜਦੋਂ ਉਹ ਹਮਲਾ ਕਰਨਗੇ, ਅਸੀਂ ਜਵਾਬ ਦੇਵਾਂਗੇ।’
ਉਨ੍ਹਾ ਕਿਹਾ ਕਿ ਅਮਰੀਕਾ ਦਾ ਟੀਚਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ ਹੈ। ਟਰੰਪ ਨੇ ਨਾਟੋ ਨਾਲ ਵੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਗੱਠਜੋੜ ਦੁਨੀਆ ਦੇ ਅੱਤਵਾਦ ਦੇ ਸਭ ਤੋਂ ਵੱਡੇ ਸਮਰਥਕ ਈਰਾਨ ਵਿਰੁੱਧ ਅਮਰੀਕਾ ਦਾ ਸਮਰਥਨ ਕਰਨ ਵਿੱਚ ਅਸਫਲ ਰਿਹਾ ਹੈ।
ਇਸ ਤੋਂ ਪਹਿਲਾਂ ਯੂ ਐੱਸ ਸੈਂਟਰਲ ਕਮਾਂਡ (ਸੈਂਟਕਾਮ) ਨੇ ਐਲਾਨ ਕੀਤਾ ਸੀ ਕਿ ਉਸ ਨੇ 80 ਤੋਂ ਵੱਧ ਈਰਾਨੀ ਫੌਜੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਇਹ ਕਾਰਵਾਈ ਹਾਰਮੁਜ਼ ਜਲਡਮਰੂ ਵਿੱਚ ਜਹਾਜ਼ਾਂ ‘ਤੇ ਹਮਲਿਆਂ ਦੇ ਜਵਾਬ ਵਿੱਚ ਸੀ।
ਅਮਰੀਕਾ ਨੇ ਈਰਾਨ ਦੇ ਬੰਦਰ ਅੱਬਾਸ ਵਿੱਚ ਸ਼ਾਹਿਦ ਹੱਕਾਨੀ ਬੰਦਰਗਾਹ ‘ਤੇ ਹਵਾਈ ਹਮਲਾ ਕੀਤਾ। ਹਮਲੇ ਦੀਆਂ ਵੀਡੀਓਜ਼ ਵਿੱਚ ਬੰਦਰਗਾਹ ਕੰਪਲੈਕਸ ਤੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਸੀ। ਇਸੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਧਮਕੀਆਂ ਦੇ ਮਾਹੌਲ ਵਿੱਚ ਕੋਈ ਸਮਝੌਤਾ ਨਹੀਂ ਹੋਵੇਗਾ। ਅਮਰੀਕਾ ਨੂੰ ਪਹਿਲਾਂ ਆਪਣੇ ਪੁਰਾਣੇ ਸਮਝੌਤਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ।





