ਟਾਂਡਾ ਦੇ ਥਾਣੇਦਾਰ ਦੀਆਂ ਅਮਰੀਕਾ ਤੱਕ ਗੂੰਜਾਂ

0
4

ਵਿਦੇਸ਼ ਰਹਿੰਦੇ ਟੱਬਰ ਤੋਂ ਸਵਾ ਤਿੰਨ ਕਰੋੜ ਮੰਗਣ ਦਾ ਦੋਸ਼, ਪੰਜਾਬ ਪੁਲਸ ਨੇ ਜਾਂਚ ਬਿਠਾਈ
ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਵੱਲੋਂ ਫਿਰੌਤੀ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਮਗਰੋਂ ਹੁਸ਼ਿਆਰਪੁਰ ਦੇ ਐੱਸ ਐੱਸ ਪੀ ਨੇ ਬੁੱਧਵਾਰ ਟਾਂਡਾ ਦੇ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਸ ਲਾਈਨ ਹੁਸ਼ਿਆਰਪੁਰ ਬਦਲ ਦਿੱਤਾ। ਡੀ ਆਈ ਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਇਨਕੁਆਰੀ ਨੂੰ ਹੁਸ਼ਿਆਰਪੁਰ ਤੋਂ ਬਾਹਰ ਜਲੰਧਰ ਤਬਦੀਲ ਕਰ ਦਿੱਤਾ ਗਿਆ ਹੈ। ਜਲੰਧਰ ਦੇ ਐੱਸ ਪੀ (ਡੀ) ਵਿਨੀਤ ਅਹਿਲਾਵਤ ਨੂੰ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਅਤੇ ਜਲਦ ਤੋਂ ਜਲਦ ਵਿਭਾਗੀ ਰਿਪੋਰਟ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਟਾਂਡਾ ਦੇ ਡੀ ਐੱਸ ਪੀ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੂੰ ਇਸ ਕੇਸ ਦੇ ਸੰਬੰਧ ਵਿੱਚ ਐੱਫ ਬੀ ਆਈ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਉਸ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਐੱਫ ਬੀ ਆਈ ਨੇ ਇਹ ਮਾਮਲਾ ਕਿਉਂ ਉਠਾਇਆ ਹੈ। ਇਹ ਸੰਭਵ ਹੈ ਕਿ ਮੁਲਜ਼ਮਾਂ ਨੇ ਆਪਣੇ ਖਿਲਾਫ ਦਰਜ ਕਤਲ ਦੇ ਕੇਸ ਦੇ ਨਤੀਜਿਆਂ ਤੋਂ ਬਚਣ ਦੇ ਇਰਾਦੇ ਨਾਲ ਐੱਫ ਬੀ ਆਈ ਨਾਲ ਸੰਪਰਕ ਕੀਤਾ ਹੋਵੇ।”
ਐੱਫ ਬੀ ਆਈ ਨੇ ਐੱਸ ਐੱਚ ਓ ਖਿਲਾਫ਼ ਚਾਰ ਲੱਖ ਡਾਲਰ (ਲਗਭਗ 3.30 ਕਰੋੜ ਰੁਪਏ) ਦੀ ਫਿਰੌਤੀ/ਉਗਰਾਹੀ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਐੱਫ ਬੀ ਆਈ ਮੁਤਾਬਕ ਨਾਗਰਾ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਪਰਵਾਰ ਨੂੰ ਕਤਲ ਦੇ ਇੱਕ ਝੂਠੇ ਮੁਕੱਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਡਰਾ ਰਿਹਾ ਸੀ। ਕੇਸ ਨੂੰ ਰਫਾ-ਦਫਾ ਕਰਨ ਦੇ ਬਦਲੇ ਮੋਟੀ ਰਕਮ ਮੰਗ ਰਿਹਾ ਸੀ। ਅਮਰੀਕੀ ਜਾਂਚ ਏਜੰਸੀ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਆਪਣੇ ਲਾਸ ਏਂਜਲਸ ਵੈੱਬ ਪੇਜ ‘ਤੇ ਸਾਂਝੀ ਕੀਤੀ ਹੈ ਅਤੇ ਇਸ ਸੰਬੰਧੀ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਹੈ।
ਐੱਫ ਬੀ ਆਈ ਦੀ ਚਾਰਜਸ਼ੀਟ ਮੁਤਾਬਕ ਸਟਾਕਟਨ (ਕੈਲੀਫੋਰਨੀਆ) ਤੋਂ ਲੈ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਤੱਕ ਫੈਲੀ ਹੋਈ ਸਾਜ਼ਿਸ਼ ਵਿੱਚ ਇੱਕ ਅਸਲੀ ਕਤਲ ਕੇਸ ਦੀ ਵਰਤੋਂ ਅਮਰੀਕਾ ਰਹਿੰਦੇ ਭਾਰਤੀ ਮੂਲ ਦੇ ਪਰਵਾਰ ਤੋਂ ਪੈਸੇ ਵਸੂਲਣ ਲਈ ਕੀਤੀ ਗਈ।
ਅਪ੍ਰੈਲ 2026 ਵਿੱਚ ਸਟਾਕਟਨ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 22 ਸਾਲਾ ਭਾਰਤੀ ਨਾਗਰਿਕ ਗੁਰਲਾਲ ਸਿੰਘ, ਜਿਸ ਦਾ ਕਥਿਤ ਤੌਰ ‘ਤੇ ਭਗਵਾਨਪੁਰੀਆ ਗੈਂਗ ਨਾਲ ਸੰਬੰਧ ਹੈ, ਨੇ ਕੈਲੀਫੋਰਨੀਆ ਸਥਿਤ ਇੱਕ ਨਿਸ਼ਾਨੇ (ਜਿਸ ਦੀ ਪਛਾਣ ਅਦਾਲਤੀ ਦਸਤਾਵੇਜ਼ਾਂ ਵਿੱਚ ਕੀਤੀ ਗਈ ਹੈ) ਦੇ ਵੇਰਵੇ ਪੰਜਾਬ ਪੁਲਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਸਾਂਝੇ ਕੀਤੇ।
ਫਿਰੌਤੀ ਦੀ ਸਾਜ਼ਿਸ਼ ਕਥਿਤ ਤੌਰ ‘ਤੇ ਟਾਂਡਾ ਅਧੀਨ ਪਿੰਡ ਮਿਆਣੀ ਵਿੱਚ ਸਤਕਰਤਾਰ ਹਾਰਡਵੇਅਰ ਦੀ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਦੇ ਕਤਲ ਦੁਆਲੇ ਬਣੀ ਸੀ। 15 ਜਨਵਰੀ 2026 ਨੂੰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦੁਕਾਨ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਲਖਵਿੰਦਰ ਸਿੰਘ ਜ਼ਖਮੀ ਹੋ ਗਿਆ ਸੀ। ਟਾਂਡਾ ਥਾਣੇ ਵਿਖੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103 (ਕਤਲ) ਅਤੇ 109 (ਕਤਲ ਦੀ ਕੋਸ਼ਿਸ਼), ਦੇ ਨਾਲ-ਨਾਲ ਆਰਮਜ਼ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਚਾਰਜਸ਼ੀਟ ਮੁਤਾਬਕ ਇੱਕ ਦਿਨ ਬਾਅਦ ਗੈਂਗਸਟਰ ਜੱਸਲ ਚੰਬਲ ਅਤੇ ਗੁਰਲਾਲ ਰੂੜੇਆਣਾ ਨੇ ਰੂੜੇਆਣਾ ਦੇ ਅਕਾਊਂਟ ਤੋਂ ਅਪਲੋਡ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ। ਇੰਸਪੈਕਟਰ ਨਾਗਰਾ ਨੇ ਬਾਅਦ ਵਿੱਚ ਕੈਲੀਫੋਰਨੀਆ ਸਥਿਤ ਇੱਕ ਪਰਵਾਰ ਨੂੰ ਧਮਕਾਉਣ ਲਈ ਕਤਲ ਦੀ ਜਾਂਚ ਦੇ ਵੇਰਵਿਆਂ ਦੀ ਵਰਤੋਂ ਕੀਤੀ। ਚਾਰਜਸ਼ੀਟ ਮੁਤਾਬਕ 13 ਅਪ੍ਰੈਲ 2026 ਨੂੰ ਨਾਗਰਾ ਨੇ ਇਰਾਦਾ ਨਿਸ਼ਾਨੇ (ਜਿਸ ਦੀ ਪਛਾਣ ਅਦਾਲਤੀ ਦਸਤਾਵੇਜ਼ਾਂ ਵਿੱਚ ਵਿਕਟਿਮ 3 ਵਜੋਂ ਕੀਤੀ ਗਈ ਹੈ) ਦੇ ਪਿਤਾ ਨਾਲ ਸੰਪਰਕ ਕੀਤਾ ਅਤੇ ਬਲਵਿੰਦਰ ਸਿੰਘ ਦੇ ਕਤਲ ਵਿੱਚ ਵਿਕਟਿਮ 2 ਅਤੇ ਉਸ ਦੀ ਭੈਣ (ਵਿਕਟਿਮ 4) ਸਮੇਤ ਪੂਰੇ ਪਰਵਾਰ ਨੂੰ ਫਸਾਉਣ ਦੀ ਧਮਕੀ ਦਿੱਤੀ। ਤਿੰਨ ਦਿਨ ਬਾਅਦ 16 ਅਪਰੈਲ ਨੂੰ ਉਸ ਨੇ 4 ਲੱਖ ਡਾਲਰ (ਲਗਭਗ 3.3 ਕਰੋੜ ਰੁਪਏ) ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਅਦਾਇਗੀ ਨਹੀਂ ਕੀਤੀ ਗਈ, ਤਾਂ ਤਿੰਨੋਂ ਪਰਵਾਰਕ ਮੈਂਬਰਾਂ ਨੂੰ…।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਐੱਫ ਬੀ ਆਈ ਸਿਰਫ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀ ਭਾਲ ਕਰਦੀ ਸੀ, ਪਰ ਹੁਣ ਪੰਜਾਬ ਪੁਲਸ ਦਾ ਆਪਣਾ ਅਧਿਕਾਰੀ ਹੀ ਉਨ੍ਹਾਂ ਦੇ ਰਾਡਾਰ ‘ਤੇ ਆ ਗਿਆ ਹੈ। ਅਜਿਹੀਆਂ ਘਟਨਾਵਾਂ ਕਾਰਨ ਪੰਜਾਬ ਪੁਲਸ ਦੀ ਉਹ ਸ਼ਾਨਦਾਰ ਸਾਖ ਕੌਮਾਂਤਰੀ ਪੱਧਰ ‘ਤੇ ਪ੍ਰਭਾਵਤ ਹੋ ਰਹੀ ਹੈ, ਜਿਸ ਲਈ ਉਹ ਕਦੇ ਜਾਣੀ ਜਾਂਦੀ ਸੀ।