14.2 C
Jalandhar
Monday, December 23, 2024
spot_img

ਪਰਾਲੀ ਨੂੰ ਸਾਧਨ ਬਣਾਉਣ ਦੀ ਲੋੜ

ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਮੁੱਦਾ ਅਹਿਮ ਸਮੱਸਿਆ ਬਣਿਆ ਹੋਇਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ, ਜੋ ਮਨੁੱਖੀ ਸਿਹਤ ਲਈ ਖ਼ਤਰਨਾਕ ਹੈ। ਇਹ ਵੀ ਸੱਚ ਹੈ ਕਿ ਕਿਸਾਨ ਪਰਾਲੀ ਸ਼ੌਕ ਵਜੋਂ ਨਹੀਂ ਸਾੜਦਾ, ਇਹ ਉਸ ਦੀ ਮਜਬੂਰੀ ਹੈ। ਵੱਖ-ਵੱਖ ਸੰਦ ਈਜ਼ਾਦ ਕਰਕੇ ਅਤੇ ਸਿੱਧੀ ਬਿਜਾਈ ਦੇ ਫਾਰਮੂਲੇ ਅਪਣਾ ਕੇ ਵੀ ਦੇਖ ਲਏ ਹਨ, ਪਰ ਕੋਈ ਵੀ ਕਾਰਗਰ ਸਾਬਤ ਨਹੀਂ ਹੋਇਆ।
ਅਸਲ ਵਿੱਚ ਪਰਾਲੀ ਸਾੜਨ ਦੇ ਮੁੱਦੇ ਨੂੰ ਪਿਛਲੇ ਕੁਝ ਸਮੇਂ ਤੋਂ ਹੀ ਤਵੱਜੋ ਦੇਣੀ ਸ਼ੁਰੂ ਕੀਤੀ ਗਈ ਹੈ, ਜਦੋਂ ਕਿ ਸਮੱਸਿਆ ਇਹ ਲੰਮੇ ਸਮੇਂ ਤੋਂ ਤੁਰੀ ਆ ਰਹੀ ਹੈ। ਇਸ ਸਮੇਂ ਤਕਨੀਕ ਏਨੀ ਵਿਕਸਤ ਹੋ ਚੁੱਕੀ ਹੈ ਕਿ ਪਰਾਲੀ ਜਾਂ ਕਣਕ ਦੇ ਨਾੜ ਦੀ ਵਰਤੋਂ ਕਰਕੇ ਇਸ ਨੂੰ ਲਾਹੇਵੰਦੇ ਬਾਲਣ ਵਜੋਂ ਵੀ ਵਰਤਿਆ ਜਾ ਸਕਦਾ ਹੈ। ਬੀਤੇ ਅਗਸਤ ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭੁੱਟਾਂ ਕਲਾਂ ਪਿੰਡ ਵਿੱਚ ਪਰਾਲੀ ਤੇ ਖੇਤੀ ਦੌਰਾਨ ਪੈਦਾ ਹੋਣ ਵਾਲੇ ਹੋਰ ਕਚਰੇ ਤੋਂ ਬਾਇਓਗੈਸ, ਜਿਸ ਨੂੰ ਕੰਪਰੈਸਡ ਬਾਇਓ ਗੈਸ (ਸੀ ਬੀ ਜੀ) ਜਾਂ ਬਾਇਓ ਸੀ ਐਨ ਜੀ ਵੀ ਕਿਹਾ ਜਾਂਦਾ ਹੈ, ਦਾ ਇੱਕ ਪਲਾਂਟ ਚਾਲੂ ਕੀਤਾ ਗਿਆ ਹੈ। ਇਸ ਪਲਾਂਟ ਵਿੱਚ ਪਰਾਲੀ ਆਦਿ ਦੀ ਵਰਤੋਂ ਕਰਕੇ ਰੋਜ਼ਾਨਾ 33.23 ਟਨ ਬਾਇਓ ਸੀ ਐਨ ਜੀ ਦਾ ਉਤਪਾਦਨ ਹੋਵੇਗਾ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਅਜਿਹੇ 42 ਹੋਰ ਪਲਾਂਟ ਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਗੈਸ ਉਤਪਾਦਨ ਸਮਰੱਥਾ 492.58 ਟਨ ਪ੍ਰਤੀ ਦਿਨ ਹੋਵੇਗੀ।
ਜਦੋਂ ਖੇਤੀ ਕਚਰੇ ਨੂੰ ਬਿਨਾਂ ਆਕਸੀਜਨ ਦੇ ਸੰਪਰਕ ਤੋਂ ਗਾਲਿਆ ਜਾਂਦਾ ਹੈ ਤਾਂ ਬਾਇਓ ਗੈਸ ਪੈਦਾ ਹੁੰਦੀ ਹੈ। ਇਸ ਤੋਂ ਬਾਅਦ ਇਸ ਗੈਸ ਵਿੱਚੋਂ ਕਾਰਬਨ ਡਾਈਆਕਸਾਈਡ ਆਦਿ ਗੈਸਾਂ ਨੂੰ ਸਾਫ਼ ਕਰਕੇ ਇਸ ਨੂੰ ਬਾਇਓ ਸੀ ਐਨ ਜੀ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਬਾਇਓ ਸੀ ਐਨ ਜੀ ਦੀ ਸੀ ਐਨ ਜੀ ਨਾਲ ਚੱਲਣ ਵਾਲੀਆਂ ਮੋਟਰ ਗੱਡੀਆਂ, ਰਸੋਈ ਗੈਸ, ਵੱਡੇ ਕਾਰਖਾਨਿਆਂ ਤੇ ਬਿਜਲੀ ਜਨਰੇਟਰਾਂ ਨੂੰ ਚਲਾਉਣ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ।
ਬਾਇਓ ਸੀ ਐਨ ਜੀ ਦੇ ਪਲਾਂਟ ਭਾਰਤ ਵਰਗੇ ਵੱਡੀ ਅਬਾਦੀ ਵਾਲੇ ਦੇਸ਼ ਦੀਆਂ ਕਈ ਜ਼ਰੂਰੀ ਮੁਸ਼ਕਲਾਂ ਦਾ ਨਿਪਟਾਰਾ ਕਰ ਸਕਦੇ ਹਨ। ਇਸ ਨਾਲ ਕਚਰੇ ਦਾ ਨਿਪਟਾਰਾ, ਵਧਦੀਆਂ ਊਰਜਾ ਲੋੜਾਂ ਦੀ ਪੂਰਤੀ ਤੇ ਗਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਨ੍ਹਾਂ ਪਲਾਂਟਾਂ ਵਿੱਚ ਬਾਇਓ ਗੈਸ ਦੇ ਉਤਪਾਦਨ ਤੋਂ ਬਾਅਦ ਨਿਕਲਣ ਵਾਲੀ ਰਹਿੰਦ-ਖੂੰਹਦ ਖੇਤੀ ਉਤਪਾਦਨ ਲਈ ਜੈਵਿਕ ਖਾਦ ਵਜੋਂ ਵਰਤੀ ਜਾ ਸਕੇਗੀ।
ਭਾਰਤ ਸਰਕਾਰ ਬਾਇਓ ਸੀ ਐਨ ਜੀ ਦੀ ਸੜਕੀ ਵਾਹਨਾਂ ਵਿੱਚ ਵਰਤੋਂ ਨੂੰ ਮਨਜ਼ੂਰੀ ਦੇ ਚੁੱਕੀ ਹੈ। ਇਨ੍ਹਾਂ ਬਾਇਓ ਗੈਸ ਪਲਾਂਟਾਂ ਰਾਹੀਂ ਸਿਰਫ਼ ਖੇਤੀ ਕਚਰਾ ਹੀ ਨਹੀਂ, ਸ਼ਹਿਰਾਂ ਵਿਚਲੇ ਘਰੇਲੂ ਕਚਰੇ ਦੀ ਸਮੱਸਿਆ ਦਾ ਵੀ ਨਿਪਟਾਰਾ ਹੋ ਸਕੇਗਾ। ਇਸ ਸਾਲ ਦੇ ਸ਼ੁਰੂ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਅਜਿਹੇ ਹੀ ਇੱਕ ਪਲਾਂਟ ਦਾ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤਾ ਗਿਆ ਸੀ। ਇਸ ਪਲਾਂਟ ਦੀ ਸਮਰੱਥਾ 17 ਟਨ ਗੈਸ ਪ੍ਰਤੀ ਦਿਨ ਪੈਦਾ ਕਰਨ ਦੀ ਹੈ। ਇਹ ਪ੍ਰਤੀ ਦਿਨ 550 ਟਨ ਕਚਰੇ ਦਾ ਨਿਪਟਾਰਾ ਕਰੇਗਾ। ਇੰਦੌਰ ਨਗਰ ਨਿਗਮ ਇਸ ਪਲਾਟ ਤੋਂ 50 ਫ਼ੀਸਦੀ ਬਾਇਓ ਸੀ ਐਨ ਜੀ ਖਰੀਦ ਕੇ ਆਪਣੀਆਂ 400 ਬੱਸਾਂ ਵਿੱਚ ਵਰਤੇਗੀ। ਇਸ ਪਲਾਂਟ ਵਿੱਚ ਪ੍ਰਤੀ ਦਿਨ 100 ਟਨ ਜੈਵਿਕ ਖਾਦ ਵੀ ਬਣੇਗੀ ਜਿਸ ਨੂੰ ਖੇਤਾਂ ਵਿੱਚ ਵਰਤਿਆ ਜਾਵੇਗਾ।
ਪੁਣੇ ਦੀ ਬਾਇਓ ਸੀ ਐਨ ਜੀ ਦਾ ਉਤਪਾਦਨ ਕਰਨ ਵਾਲੀ ਕੰਪਨੀ ਪ੍ਰਾਈਮੋਵ ਇੰਜਨੀਅਰਿੰਗ ਪ੍ਰਾਈਵੇਟ ਲਿਮਟਿਡ ਦੇ ਮਾਲਕ ਅਤੁਲ ਅਕੋਲਕਰ ਦਾ ਕਹਿਣਾ ਹੈ ਕਿ ਬਾਇਓ ਸੀ ਐਨ ਜੀ ਭਾਰਤ ਦਾ ਭਵਿੱਖੀ ਬਾਲਣ ਬਣ ਸਕਦੀ ਹੈ। ਇਸ ਨਾਲ ਭਾਰਤ ਵੱਲੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਕੁਦਰਤੀ ਗੈਸਾਂ ਦਾ ਖਰਚਾ ਵੀ ਘਟੇਗਾ ਤੇ ਸ਼ਹਿਰਾਂ ਲਈ ਸਮੱਸਿਆ ਬਣ ਚੁੱਕੇ ਕੂੜੇ-ਕਚਰੇ ਦਾ ਵੀ ਨਿਪਟਾਰਾ ਹੋ ਸਕੇਗਾ। ਅਕੋਲਕਰ ਦੀ ਕੰਪਨੀ ਪੰਜਾਬ, ਹਰਿਆਣਾ ਤੇ ਯੂ ਪੀ ਵਿੱਚ 15 ਟਨ ਪ੍ਰਤੀ ਦਿਨ ਬਾਇਓ ਸੀ ਐਨ ਜੀ ਦੀ ਸਮਰੱਥਾ ਵਾਲੇ ਪਲਾਂਟ ਲਾਉਣ ਦੀ ਤਿਆਰੀ ਕਰ ਰਹੀ ਹੈ। ਰਿਲਾਇੰਸ ਤੇ ਅਡਾਨੀ ਇੰਡਸਟ੍ਰੀਜ਼ ਵਰਗੀਆਂ ਵੱਡੀਆਂ ਕੰਪਨੀਆਂ ਵੀ ਇਸ ਖੇਤਰ ਵਿੱਚ 500 ਤੋਂ 600 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾ ਚੁੱਕੀਆਂ ਹਨ।
ਇਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਆਢਾ ਲਾਉਣ ਦੀ ਥਾਂ ਇਸ ਖੇਤਰ ਵਿੱਚ ਸਰਗਰਮ ਕੰਪਨੀਆਂ ਨੂੰ ਖਿੱਚਣ ਦੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਨਾਲ ਖੇਤੀ ਕਚਰੇ ਦਾ ਨਿਪਟਾਰਾ ਵੀ ਹੋਵੇਗਾ, ਕਿਸਾਨਾਂ ਦੀ ਆਮਦਨ ਵੀ ਵਧੇਗੀ, ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles