ਨਵੀਂ ਦਿੱਲੀ : ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਤੇ ਉਪ-ਕਪਤਾਨ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੇ ਸਾਲ ਪਲੇਅਰ ਆਫ ਦੀ ਯੀਅਰ (ਵਰ੍ਹੇ ਦਾ ਸਰਬੋਤਮ ਖਿਡਾਰੀ) ਚੁਣਿਆ ਹੈ। 26 ਸਾਲਾ ਡਿਫੈਂਡਰ ਨੂੰ ਉਸਦੀ ਗੋਲ ਕਰਨ ਦੀ ਕਾਬਲੀਅਤ ਸਦਕੇ ਇਹ ਇਨਾਮ ਮਿਲਿਆ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਉਸਦਾ ਪੱਧਰ ਉੱਪਰ ਹੁੰਦਾ ਗਿਆ ਹੈ ਕਿਉਕਿ ਕਈ ਟੀਮਾਂ ਨੂੰ ਪੈਨਲਟੀ ਕਾਰਨਰ ਵਿਚ ਉਸਦੇ ਡਰੈਗ ਫਲਿਕਸ ਨਾਲ ਸਿੱਝਣਾ ਔਖਾ ਹੋ ਗਿਆ ਹੈ। ਪ੍ਰੋਫੈਸ਼ਨਲ ਲੀਗ 2021-22 ਵਿਚ ਉਸਦੇ ਸਕੋਰਿੰਗ ਰਿਕਾਰਡ ਵਿਚ 16 ਮੈਚਾਂ ’ਚ ਦੋ ਹੈਟਟਿ੍ਰਕਾਂ ਨਾਲ ਅਸਾਧਾਰਨ 18 ਗੋਲ ਸ਼ਾਮਲ ਹਨ। ਭਾਰਤੀ ਖਿਡਾਰੀਆਂ ਦੇ ਮਾਮਲੇ ਵਿਚ ਇਹ ਇਕ ਰਿਕਾਰਡ ਹੈ।ਹਰਮਨਪ੍ਰੀਤ ਨੇ ਢਾਕਾ ਵਿਚ 2021 ਵਿਚ ਹੋਈ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ 6 ਮੈਚਾਂ ਵਿਚ 8 ਗੋਲ ਕੀਤੇ ਸਨ। ਹਰ ਮੈਚ ਵਿਚ ਇਕ ਗੋਲ ਕੀਤਾ। 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਾਂ ਵਿਚ ਚਾਂਦੀ ਦਾ ਤਮਗਾ ਜਿੱਤਣ ’ਚ ਵੀ ਉਸਦਾ ਅਹਿਮ ਰੋਲ ਰਿਹਾ। ਹਰਮਨਪ੍ਰੀਤ ਲਗਾਤਾਰ ਦੂਜੇ ਸਾਲ ਪਲੇਅਰ ਆਫ ਦੀ ਯੀਅਰ ਇਨਾਮ ਜਿੱਤਣ ਵਾਲਾ ਦੁਨੀਆ ਦਾ ਚੌਥਾ ਖਿਡਾਰੀ ਬਣ ਗਿਆ ਹੈ। ਇਸਤੋਂ ਪਹਿਲਾਂ ਟਯੂਨ ਡੀ ਨੂਜ਼ਰ (ਨੀਦਰਲੈਂਡ), ਜੈਮੀ ਡਾਇਰ (ਆਸਟਰੇਲੀਆ) ਤੇ ਆਰਥਰ ਵੈਨ ਡੋਰੇਨ (ਬੈਲਜੀਅਮ) ਇਸ ਸੂਚੀ ਵਿਚ ਸ਼ਾਮਲ ਸਨ। ਇਸ ਸਾਲ ਹਰਮਨਪ੍ਰੀਤ ਦੇ 29.4 ਅੰਕ ਰਹੇ। ਥਿਅਰੀ ਬਿ੍ਰੰਕਮੈਨ 23.6 ਤੇ ਟਾਮ ਬੂਨ 23.4 ਅੰਕ ਨਾਲ ਦੂਜੇ ਤੇ ਤੀਜੇ ਨੰਬਰ ’ਤੇ ਰਹੇ। ਨੀਦਰਲੈਂਡ ਦੀ ਫੈਲਿਸ ਐਲਬਰਸ ਮਹਿਲਾ ਵਰਗ ਵਿਚ ਪਲੇਅਰ ਆਫ ਦੀ ਯੀਅਰ ਚੁਣੀ ਗਈ ਹੈ।




