ਪਟਿਆਲਾ (ਰਾਜਿੰਦਰ ਸਿੰਘ ਥਿੰਦ): ਇੱਥੋਂ ਦੀ ਆਫੀਸਰਜ਼ ਕਲੋਨੀ ਵਿੱਚ ਪੈਸਿਆਂ ਦੇ ਲੈਣ-ਦੇਣ ਅਤੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਇੱਕੋ ਪਰਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਪਰਵਾਰ ਦੇ ਮੁਖੀ ਅਤੇ ਉਸ ਦੀ ਮਾਸੂਮ ਧੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਕਾਸ ਬਾਤਿਸ਼ (45), ਜੋ ਕਿ ਇੱਕ ਨਿੱਜੀ ਬੈਂਕ ਵਿੱਚ ਮੁਲਾਜ਼ਮ ਸੀ ਅਤੇ ਉਸ ਦੀ 13 ਸਾਲਾ ਧੀ ਖੁਸ਼ੀ ਬਾਤਿਸ਼ ਵਜੋਂ ਹੋਈ ਹੈ। ਵਿਕਾਸ ਦੀ ਪਤਨੀ ਤਮੰਨਾ ਬਾਤਿਸ਼ (43) ਅਤੇ 11 ਸਾਲਾ ਪੁੱਤਰ ਕਨਵ ਬਾਤਿਸ਼ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਪੁਲਸ ਮੁਤਾਬਕ ਬੁੱਧਵਾਰ ਰਾਤ ਜ਼ਹਿਰੀਲੀ ਚੀਜ਼ ਖਾਣ ਕਾਰਨ ਜਦੋਂ ਚਾਰਾਂ ਦੀ ਤਬੀਅਤ ਵਿਗੜ ਗਈ, ਤਾਂ ਵਿਕਾਸ ਦੇ ਸਹੁਰੇ ਪਰਵਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਡੀ ਐੱਸ ਪੀ ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਖੌਫਨਾਕ ਕਦਮ ਵਿੱਤੀ ਲੈਣ-ਦੇਣ ਨੂੰ ਲੈ ਕੇ ਚੱਲ ਰਹੇ ਘਰੇਲੂ ਵਿਵਾਦ ਕਾਰਨ ਚੁੱਕਿਆ ਗਿਆ ਪ੍ਰਤੀਤ ਹੁੰਦਾ ਹੈ।




