ਜਲੰਧਰ ਦੇ ਵਰਦਾਨ ਹਸਪਤਾਲ ‘ਤੇ ਗੋਲੀਆਂ ਚਲਾਉਣ ਵਾਲਾ ਕਾਬੂ

0
13

ਜਲੰਧਰ (ਸ਼ੈਲੀ ਐਲਬਰਟ, ਇਕਬਾਲ ਉੱਭੀ) : ਇੱਥੋਂ ਦੇ ਵਰਦਾਨ ਹਸਪਤਾਲ ‘ਤੇ ਫਾਇਰਿੰਗ ਕਰਨ ਵਾਲੇ ਬੰਬੀਹਾ ਗੈਂਗ ਦੇ ਖਤਰਨਾਕ ਸ਼ੂਟਰ ਨੂੰ ਵੀਰਵਾਰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ‘ਚ ਉਹ ਜ਼ਮੀਨ ‘ਤੇ ਡਿੱਗ ਪਿਆ। ਇਸ ਤੋਂ ਬਾਅਦ ਉਸ ਨੇ ਪੁਲਸ ਪਾਰਟੀ ‘ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਇੱਕ ਗੋਲੀ ਸ਼ੂਟਰ ਦੇ ਪੈਰ ਵਿੱਚ ਲੱਗੀ। ਸ਼ੂਟਰ ਦੀ ਪਛਾਣ ਸ਼ਾਹਕੋਟ ਇਲਾਕੇ ਦੇ ਜੋਧ ਸਿੰਘ ਉਰਫ ਜੋਧਾ ਵਜੋਂ ਹੋਈ ਹੈ। ਉਸ ਨੇ 28 ਫਰਵਰੀ ਨੂੰ ਮੋਤਾ ਸਿੰਘ ਨਗਰ ਸਥਿਤ ਵਰਦਾਨ ਹਸਪਤਾਲ ਦੇ ਗੇਟ ‘ਤੇ ਮਹਿਜ਼ 3 ਸਕਿੰਟਾਂ ਵਿੱਚ 4 ਗੋਲੀਆਂ ਚਲਾਈਆਂ ਸਨ। ਇਸ ਕਰਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਫਾਇਰਿੰਗ ਉਸ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ ਕਹਿਣ ‘ਤੇ ਕੀਤੀ ਸੀ।
ਥਾਣੇਦਾਰ ਸੁੱਤਾ ਪਿਆ ਨੱਪਿਆ
ਅੰਮ੍ਰਿਤਸਰ : ਡੀ ਆਈ ਜੀ (ਬਾਰਡਰ ਰੇਂਜ) ਹਰਮਨਬੀਰ ਸਿੰਘ ਗਿੱਲ ਨੇ ਰਾਜਾਸਾਂਸੀ ਥਾਣੇ ਦੇ ਮੁੱਖ ਅਫਸਰ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ, ਕਿਉਂਕਿ ਉਹ ਬੁੱਧਵਾਰ ਰਾਤ ਚੈਕਿੰਗ ਦੌਰਾਨ ਗੈਰਹਾਜ਼ਰ ਲੱਭਾ। ਸੂਤਰਾਂ ਮੁਤਾਬਕ ਡੀ ਆਈ ਜੀ ਰਾਜਾਸਾਂਸੀ ਇਲਾਕੇ ਵਿੱਚ ਨਾਕਿਆਂ ਦੀ ਅਚਨਚੇਤ ਜਾਂਚ ਕਰ ਰਹੇ ਸਨ। ਐੱਸ ਐੱਚ ਓ ਗਾਇਬ ਮਿਲਿਆ। ਉਹ ਥਾਣੇ ਦੇ ਅੰਦਰ ਸੁੱਤਾ ਪਿਆ ਸੀ। ਗੁੱਸੇ ਵਿੱਚ ਆਏ ਡੀ ਆਈ ਜੀ ਨੇ ਉਸ ਨੂੰ ਝਾੜ ਪਾਉਂਦਿਆਂ ਕਿਹਾ, ‘ਉੱਧਰ ਅੱਗ ਲੱਗੀ ਹੋਈ ਹੈ ਤੇ ਤੂੰ ਸੁੱਤਾ ਪਿਆ ਏਂ।’