ਥਾਣੇਦਾਰ ਸਹੇਲੀ ਸਮੇਤ ਗ੍ਰਿਫਤਾਰ

0
7

ਤਰਨ ਤਾਰਨ/ਝਬਾਲ (ਪ੍ਰਿਤਪਾਲ ਸਿੰਘ/ ਹਰਜਿੰਦਰ ਸਿੰਘ ਸੋਨੀ) : ਪੁਲਸ ਦੇ ਸਬ-ਇੰਸਪੈਕਟਰ ਅਤੇ ਉਸ ਦੀ ਮਹਿਲਾ ਸਾਥੀ ਨੂੰ 300 ਗ੍ਰਾਮ ਹੈਰੋਇਨ ਅਤੇ 1.27 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਐੱਸ ਐੱਸ ਪੀ ਤਰਨ ਤਾਰਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਬ-ਇੰਸਪੈਕਟਰ ਸਾਹਿਬ ਸਿੰਘ, ਵਾਸੀ ਪਿੰਡ ਮੱਜੂਪੁਰ ਥਾਣਾ ਖਾਲੜਾ ਵਿਖੇ ਜਾਂਚ ਅਧਿਕਾਰੀ (ਆਈ ਓ) ਵਜੋਂ ਤਾਇਨਾਤ ਸੀ। ਗ੍ਰਿਫਤਾਰ ਮਹਿਲਾ ਦੀ ਪਛਾਣ ਕਿੰਦਰ ਕੌਰ, ਵਾਸੀ ਪਿੰਡ ਮਾੜੀ ਉਧੋਕੇ ਵਜੋਂ ਹੋਈ ਹੈ ਅਤੇ ਮੌਜੂਦਾ ਸਮੇਂ ਉਹ ਬਾਬਾ ਜੱਲਣ ਕਾਲੋਨੀ, ਝਬਾਲ, ਤਰਨ ਤਾਰਨ ਵਿਖੇ ਰਹਿ ਰਹੀ ਹੈ।ਪੁਲਸ ਨੇ ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਹੁੰਡਈ ਆਈ-20 ਕਾਰ, ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ, ਵੀ ਜ਼ਬਤ ਕਰ ਲਈ ਹੈ।ਉਨ੍ਹਾਂ ਵਿਰੁੱਧ ਥਾਣਾ ਝਬਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਸਾਹਿਬ ਸਿੰਘ ਕਾਫੀ ਸਮੇਂ ਤੋਂ ਥਾਣੇਦਾਰ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਉਹ ਪਹਿਲਾਂ ਖੁਦ ਹੀ ਹੈਰੋਇਨ ਬਰਾਮਦ ਕਰਨ ਦੇ ਦਾਅਵੇ ਕਰਕੇ ਅਖਬਾਰਾਂ ਵਿੱਚ ਖਬਰਾਂ ਲਗਵਾਉਂਦਾ ਸੀ, ਜਦੋਂਕਿ ਪਿੱਠ ਪਿੱਛੇ ਉਹ ਖੁਦ ਇਸ ਧੰਦੇ ਵਿੱਚ ਸ਼ਾਮਲ ਸੀ। ਸਾਹਿਬ ਸਿੰਘ ਨੂੰ ਕਾਬੂ ਕਰਨ ਲਈ ਸੀ ਆਈ ਏ ਸਟਾਫ ਦੀ ਟੀਮ ਦੀ ਅਗਵਾਈ ਐੱਸ ਪੀ (ਇਨਵੈਸਟੀਗੇਸ਼ਨ) ਨੇ ਕਰਦਿਆਂ ਉਸ ਨੂੰ ਝਬਾਲ ਦੇ ਨੇੜੇ ਪਿੰਡ ਮੱਜੂਪੁਰ ਕੋਲੋਂ ਦਬੋਚਿਆ।