ਨਵੀਂ ਦਿੱਲੀ (ਨ ਜ਼ ਸ) : ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਇਕਾਈ ਵਿੱਚ ਚੱਲ ਰਹੇ ਕਲੇਸ਼ ਬਾਰੇ ਆਪਣੀ ਰਿਪੋਰਟ ਬੁੱਧਵਾਰ ਕਾਂਗਰਸ ਦੇ ਕੁਲ ਹਿੰਦ ਜਨਰਲ ਸਕੱਤਰ (ਸੰਗਠਨ) ਕੇ ਸੀ ਵੇਣੂਗੋਪਾਲ ਨੂੰ ਸੌਂਪ ਦਿੱਤੀ ਅਤੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਬਾਰੇ ਕੋਈ ਵੀ ਫੈਸਲਾ ਸੋਚ-ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ ਤੇ ਇਸ ਨੂੰ ਮਾਮੂਲੀ ਕੰਮ ਨਹੀਂ ਮੰਨਿਆ ਜਾਵੇਗਾ।
ਬਘੇਲ, ਜਿਨ੍ਹਾ ਨੇ ਵੇਣੂਗੋਪਾਲ ਨਾਲ ਉਨ੍ਹਾ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ, ਨੇ ਕਿਹਾ ਕਿ ਉਨ੍ਹਾ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਛੇ ਦਿਨਾਂ ਦੀ ਵਿਆਪਕ ਸਲਾਹ-ਮਸ਼ਵਰਾ ਪ੍ਰਕਿਰਿਆ ਪੂਰੀ ਕੀਤੀ। ਉੁਨ੍ਹਾ ਪੱਤਰਕਾਰਾਂ ਨੂੰ ਦੱਸਿਆ, ”ਮੈਂ ਸੂਬੇ ਭਰ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ, ਪੰਜਾਬ ਕਾਂਗਰਸ ਕਮੇਟੀ ਦਫਤਰ ਵਿੱਚ ਮੀਟਿੰਗਾਂ ਵਿੱਚ ਵੀ ਅਤੇ ਇੱਕ-ਇੱਕ ਕਰਕੇ ਵੀ। ਉਨ੍ਹਾਂ ਚਰਚਾਵਾਂ ਦੇ ਆਧਾਰ ‘ਤੇ, ਮੈਂ ਆਪਣੀ ਰਿਪੋਰਟ ਕੇ ਸੀ ਵੇਣੂਗੋਪਾਲ ਨੂੰ ਸੌਂਪ ਦਿੱਤੀ ਹੈ।”
ਸੂਬਾਈ ਲੀਡਰਸ਼ਿਪ ਵਿੱਚ ਸੰਭਾਵਤ ਬਦਲਾਅ ਦੀਆਂ ਚਰਚਾਵਾਂ ਦੇ ਵਿਚਕਾਰ ਬਘੇਲ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹੁਣ ਤੱਕ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਹੈ। ਉਨ੍ਹਾ ਇਨ੍ਹਾਂ ਸੁਝਾਵਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਪਾਰਟੀ ਜਲਦਬਾਜ਼ੀ ਵਿੱਚ ਫੈਸਲੇ ਲਵੇਗੀ। ਉਨ੍ਹਾ ਕਿਹਾ ਕਿ ਲੀਡਰਸ਼ਿਪ ਵਿੱਚ ਬਦਲਾਅ ਨੂੰ ਕਠਪੁਤਲੀਆਂ ਜਾਂ ਗੁੱਡੀਆਂ ਦੀ ਖੇਡ ਵਾਂਗ ਨਹੀਂ ਸੰਭਾਲਿਆ ਜਾ ਸਕਦਾ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ ਹਾਈਕਮਾਂਡ ਪਾਰਟੀ ਨੇਤਾਵਾਂ ਤੋਂ ਪ੍ਰਾਪਤ ਫੀਡਬੈਕ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਸੋਚਿਆ-ਸਮਝਿਆ ਫੈਸਲਾ ਲਵੇਗੀ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵੇਣੂਗੋਪਾਲ ਦੀ ਰਿਹਾਇਸ਼ ‘ਤੇ ਪਹੁੰਚੇ, ਕਿਉਂਕਿ ਕਾਂਗਰਸ ਲੀਡਰਸ਼ਿਪ ਸੂਬਾਈ ਇਕਾਈ ਵਿੱਚ ਸੰਕਟ ਬਾਰੇ ਸਲਾਹ-ਮਸ਼ਵਰਾ ਜਾਰੀ ਰੱਖ ਰਹੀ ਹੈ। ਮੰਗਲਵਾਰ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਅਤੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਵੇਣੂਗੋਪਾਲ ਨਾਲ ਮੀਟਿੰਗ ਕੀਤੀ ਸੀ।
ਲੀਡਰਸ਼ਿਪ ਦੀ ਇਹ ਕਵਾਇਦ ਬਘੇਲ ਵੱਲੋਂ 11 ਜੁਲਾਈ ਨੂੰ ਪੰਜਾਬ ਵਿੱਚ ਪਾਰਟੀ ਨੇਤਾਵਾਂ ਨਾਲ ਕੀਤੀਆਂ ਮੀਟਿੰਗਾਂ ਤੋਂ ਬਾਅਦ ਹੋਈ ਹੈ, ਜਿਸ ਦੌਰਾਨ ਕਈ ਸੀਨੀਅਰ ਨੇਤਾਵਾਂ ਨੇ ਖੁੱਲ੍ਹੇਆਮ ਵੜਿੰਗ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਸਨ।
ਗੱਲਬਾਤ ਦੌਰਾਨ ਬਘੇਲ ਨੂੰ ਮਿਲਣ ਵਾਲੇ 92 ਨੇਤਾਵਾਂ ਵਿੱਚੋਂ ਬਹੁਤਿਆਂ, ਜਿਸ ਵਿੱਚ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ, ਨੇ ਕਥਿਤ ਤੌਰ ‘ਤੇ ਇਹ ਸੰਦੇਸ਼ ਦਿੱਤਾ ਕਿ ਭਾਵੇਂ ਉਨ੍ਹਾਂ ਨੂੰ ਵੜਿੰਗ ਨਾਲ ਕੋਈ ਨਿੱਜੀ ਮਤਭੇਦ ਨਹੀਂ ਹੈ, ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੜ ਸੱਤਾ ਵਿੱਚ ਲਿਆ ਸਕਦੇ ਹਨ।
ਬਘੇਲ ਨਾਲ ਸਲਾਹ-ਮਸ਼ਵਰੇ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਸੰਗਤ ਸਿੰਘ ਗਿਲਜੀਆਂ, ਅਰੁਣਾ ਚੌਧਰੀ, ਓ ਪੀ ਸੋਨੀ, ਪਰਗਟ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਲ ਸਨ।




