ਨਵੀਂ ਦਿੱਲੀ (ਨ ਜ਼ ਸ) : ਭਾਰਤ ਵਿੱਚ ਐੱਮ ਬੀ ਬੀ ਐੱਸ ਦੀਆਂ ਕੁੱਲ ਸੀਟਾਂ ਦੀ ਗਿਣਤੀ 1.36 ਲੱਖ ਨੂੰ ਪਾਰ ਕਰ ਗਈ ਹੈ। ਸਾਲ 2025 ਦੇ ਮੁਕਾਬਲੇ ਇਸ ਵਾਰ ਸੀਟਾਂ ਵਿੱਚ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਅਕਾਦਮਿਕ ਸਾਲ 2026-27 ਲਈ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ (ਸੀਟ ਮੈਟ੍ਰਿਕਸ) ਮੁਤਾਬਕ, ਦੇਸ਼ ਦੇ 823 ਮੈਡੀਕਲ ਕਾਲਜਾਂ ਵਿੱਚ ਹੁਣ ਕੁੱਲ 1,36,939 ਸੀਟਾਂ ਉਪਲੱਬਧ ਹੋਣਗੀਆਂ। ਪਿਛਲੇ ਸਾਲ (2025-26) 818 ਕਾਲਜਾਂ ਵਿੱਚ 1,28,976 ਸੀਟਾਂ ਸਨ, ਜਿਸ ਦਾ ਮਤਲਬ ਹੈ ਕਿ ਇਸ ਵਾਰ 7,963 ਸੀਟਾਂ ਦਾ ਵਾਧਾ ਹੋਇਆ ਹੈ।
ਇਸ ਸਾਲ ਦੀਆਂ ਕੁੱਲ 1,36,939 ਸੀਟਾਂ ਵਿੱਚੋਂ 1,27,028 ਸੀਟਾਂ ਪੁਰਾਣੀਆਂ (ਰੀਨਿਊਅਲ ਸਿਸਟਮ ਤਹਿਤ) ਹਨ ਅਤੇ 9,911 ਨਵੀਆਂ ਸੀਟਾਂ ਜੋੜੀਆਂ ਗਈਆਂ ਹਨ।
ਪਹਿਲਾਂ 441 ਸਰਕਾਰੀ ਮੈਡੀਕਲ ਕਾਲਜਾਂ ਦੀਆਂ ਸੀਟਾਂ 61,185 ਸਨ ਤੇ ਹੁਣ 2,111 ਵਧ ਕੇ 63,296 ਸੀਟਾਂ ਹੋ ਗਈਆਂ ਹਨ। 382 ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ 73,643 ਸੀਟਾਂ ਹੋ ਗਈਆਂ ਹਨ। ਪਹਿਲਾਂ 65,843 ਸਨ ਤੇ 7,800 ਨਵੀਆਂ ਜੁੜੀਆਂ ਹਨ। ਇਨ੍ਹਾਂ ਅੰਕੜਿਆਂ ਵਿੱਚ ਏਮਜ਼, ਜਿਪਮੇਰ ਪੁੱਡੂਚੇਰੀ ਅਤੇ ਪੀ ਜੀ ਆਈ ਚੰਡੀਗੜ੍ਹ ਦੀਆਂ ਸੀਟਾਂ ਸ਼ਾਮਲ ਨਹੀਂ ਹਨ। ਇਹ ਕੇਂਦਰੀ ਸੰਸਥਾਨ ਮਿਲ ਕੇ ਆਮ ਤੌਰ ‘ਤੇ ਲੱਗਭੱਗ 2,900 ਸੀਟਾਂ ਦੀ ਪੇਸ਼ਕਸ਼ ਕਰਦੇ ਹਨ। ਇਸ ਵਾਰ ਦੇਸ਼ ਵਿੱਚ 25 ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ, ਜਿਨ੍ਹਾਂ ਨਾਲ 2,400 ਬਿਲਕੁਲ ਨਵੀਆਂ ਸੀਟਾਂ ਜੁੜੀਆਂ ਹਨ। ਇਨ੍ਹਾਂ ਵਿੱਚ 7 ਨਵੇਂ ਸਰਕਾਰੀ ਕਾਲਜਾਂ ਦੀਆਂ 400 ਸੀਟਾਂ ਅਤੇ 18 ਨਵੇਂ ਪ੍ਰਾਈਵੇਟ ਕਾਲਜਾਂ 2,000 ਸੀਟਾਂ ਹਨ।




