ਥਰੂਰ ਦੀ ਵਾਂਗਚੁੱਕ ਨੂੰ ਮਰਨ ਵਰਤ ਛੱਡਣ ਦੀ ਅਪੀਲ

0
5

ਨਵੀਂ ਦਿੱਲੀ (ਨ ਜ਼ ਸ) : ਨੀਟ ਪ੍ਰੀਖਿਆ ਵਿੱਚ ਹੋਈਆਂ ਬੇਨੇਮੀਆਂ ਦੇ ਖਿਲਾਫ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬੁੱਧਵਾਰ ਪ੍ਰਸਿੱਧ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਜਜ਼ਬਾਤੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰੇ। ਥਰੂਰ ਨੇ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਦਾ ਹੱਥ ਵਧਾਉਣਾ ਕੋਈ ਕਮਜ਼ੋਰੀ ਨਹੀਂ, ਸਗੋਂ ਸਿਆਣਪ ਅਤੇ ਚੰਗੀ ਰਾਜਨੀਤੀ ਦੀ ਨਿਸ਼ਾਨੀ ਹੈ।
ਐਕਸ ‘ਤੇ ਸਾਂਝੀ ਕੀਤੀ ਇੱਕ ਖੁੱਲ੍ਹੀ ਚਿੱਠੀ ਵਿੱਚ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਲਿਖਿਆ ਕਿ ਸੋਮਵਾਰ ਤੋਂ ਸੰਸਦ ਦਾ ਸੈਸ਼ਨ ਮੁੜ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਚ ‘ਤੇ ਵਿਦਿਆਰਥੀਆਂ ਦੇ ਇਸ ਅਹਿਮ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਉਨ੍ਹਾ ਕਿਹਾ, “ਸਮੱਸਿਆ ਦਾ ਹੱਲ ਸੰਸਦ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਮਰਨ ਵਰਤ ‘ਤੇ ਬੈਠ ਕੇ। ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ।”
ਉਨ੍ਹਾ ਆਪਣੇ ਵਿਦਿਆਰਥੀ ਜੀਵਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਮੱਧ-ਵਰਗੀ ਪਰਵਾਰ ਲਈ ਇਮਾਨਦਾਰ ਪ੍ਰੀਖਿਆਵਾਂ ਅਤੇ ਮੈਰਿਟ ਹੀ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕਮਾਤਰ ਜ਼ਰੀਆ ਹੁੰਦੇ ਹਨ ਅਤੇ ਜਦੋਂ ਇਹ ਢਾਂਚਾ ਟੁੱਟਦਾ ਹੈ ਤਾਂ ਸਭ ਤੋਂ ਵੱਧ ਨੁਕਸਾਨ ਗਰੀਬ ਤੇ ਮੱਧ ਵਰਗ ਦਾ ਹੁੰਦਾ ਹੈ।
ਇਸੇ ਦੌਰਾਨ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਕਾਰਕੁਨ ਸੋਨਮ ਵਾਂਗਚੁੱਕ ਲਈ ਤੁਰੰਤ ਡਾਕਟਰੀ ਦਖਲ ਦੀ ਮੰਗ ਕਰਦੀ ਜਨਹਿਤ ਪਟੀਸ਼ਨ ‘ਤੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਬੈਂਚ ਨੇ ਵਕੀਲ ਅਤੇ ਕਾਰਕੁਨ ਰਾਕੇਸ਼ ਕੁਮਾਰ ਸੈਣੀ ਵੱਲੋਂ ਦਾਇਰ ਪਟੀਸ਼ਨ ਦਾ ਗੰਭੀਰਤਾ ਦਾ ਨੋਟਿਸ ਲੈਂਦਿਆਂ ਦੋਵਾਂ ਸਰਕਾਰਾਂ ਨੂੰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਮਾਮਲੇ ਨੂੰ ਵੀਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ। ਪਟੀਸ਼ਨ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਵਾਂਗਚੁੱਕ ਨੂੰ ਸਰਕਾਰੀ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ, ਤਾਂ ਜੋ ਉਨ੍ਹਾ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ।